Tags

,


ਮੈਂ ਅਕਾਲ ਤਖਤ ਸਾਹਿਬ ਤੇ ਕਿਸੇ ਸਰਕਾਰੀ ਹਮਲੇ ਦੀ ਗੱਲ ਨਹੀਂ ਕਰ ਰਿਹਾ। ਨਾਂ ਹੀ ਮੈਂ ਸਾਡੇ ਪਾਣੀਆਂ ਤੇ ਸਾਡੇ ਗਵਾਂਢੀਆਂ ਵੱਲੋਂ ਮਾਰੇ ਡਾਕਿਆਂ ਦੀ ਗੱਲ ਕਰ ਰਿਹਾ ਹਾਂ। ਨਾਂ ਇਹ ਸਾਡੇ ਪੰਜਾਬੀ ਬੋਲਦੇ ਹਰਿਆਣਵੀ ਇਲਾਕਿਆਂ ਦੀ ਹੀ ਗੱਲ ਹੈ। ਨਾਂ ਇਹ ਸਾਡੇ ਚੰਡੀਗੜ੍ਹ ਨੂੰ ਸਾਡਾ ਹੀ ਸ਼ਰੀਕ ਬਨਉਣ ਦੀ ਗੱਲ ਹੈ ਅਤੇ ਨਾਂ ਹੀ ਕੇਂਦਰ ਦੀਆਂ ਹੋਰ ਮਾਰੂ ਨੀਤੀਆਂ ਦੀ। ਇਹ ਗੱਲ ਪੰਜਾਬ ਦੇ ਕਿਸੇ ਬਾਹਰੀ ਦੁਸ਼ਮਨ ਦੀ ਨਹੀਂ ਹੈ। ਪੰਜਾਬ ਨੂੰ ਹੁਣ ਭਲਾਂ ਦੁਸ਼ਮਨਾਂ ਦੀ ਲੋੜ ਕੀ ਹੈ? ਇਹ ਗੱਲ ਤਾਂ ਹੈ ਪੰਜਾਬ ਦੇ ਅੰਦਰ ਦੀ, ਪੰਜਾਬ ਦੇ ਧੁਰ ਅੰਦਰ ਤੱਕ ਲੱਗੇ ਉਸ ਘੁਣ ਦੀ ਜਿਸ ਨੂੰ ਅਸੀਂ ਆਪ ਹੀ ਪੰਜ-ਸਾਲਾ ਯੋਜਨਾਂ ਵਾਂਗ ਨਿਰੰਤਰ ਪਾਲਦੇ ਆ ਰਹੇ ਹਾਂ।

ਮੈਂ ਜੋ ਗੱਲ ਕਰ ਰਿਹਾਂ ਉਹ ਹਰ ਉਮਰ ਦੇ ਪੰਜਾਬੀ ਨਾਲ ਹਰ ਦਿਨ ਹਰ ਪਲ ਬੀਤ ਰਹੀ ਹੈ। ਜਦੋਂ ਸੁਪਨੇ ਸਜਉਣ ਦੀ ਗੱਲ ਅਉਂਦੀ ਹੈ ਤਾਂ ਸਾਡੀ ਪੰਜਾਬੀਆਂ ਦੀ ਮਾਨਸਿਕਤਾ ਇੱਕੋ ਜਿਹੀ ਹੈ। ਸਾਡੇ ਨੇਤਾ ਹਰ ਸਾਲ ਸਾਨੂੰ ਉਮੀਦਾਂ ਵੇਚਦੇ ਨੇਂ। ਹਰ ਸਾਲ ਸਾਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਸਰਕਾਰਾਂ ਆਮ ਲੋਕਾਂ ਅਤੇ ਸਰਮਾਏਦਾਰਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਕਿਵੇਂ ਸਾਡੀਆਂ ਸੜਕਾਂ, ਬਿਜਲੀ, ਪਾਂਣੀ, ਹਸਪਤਾਲ, ਸਕੂਲ ਸਭ ਦਿਨੋਂ-ਦਿਨ ਪਹਿਲਾਂ ਨਾਲੋਂ ਵਧੀਆ ਬਣਦੇ ਜਾ ਰਹੇ ਹਨ। ਕਿਵੇਂ ਸਾਡੇ ਅਧਿਆਪਕ ਪਹਿਲਾਂ ਨਾਲੋਂ ਵੱਧ ਮਿਹਨਤ ਨਾਲ ਪੜ੍ਹਉਂਦੇ ਹਨ। ਕਿੰਝ ਸਰਕਾਰੀ ਹਸਪਤਾਲਾਂ ਵਿੱਚ ਦਿਨ-ਰਾਤ ਗਰੀਬਾਂ-ਲੋੜਵੰਦਾਂ ਦੀ ਸੇਵਾ ਹੁੰਦੀ ਹੈ। ਕਿਵੇਂ ਅਸੀਂ ਪਹਿਲਾਂ ਨਾਲੋਂ ਜਿਆਦਾ ਪੈਸੇ ਬਚਾ ਰਹੇ ਹਾਂ। ਕਿਵੇਂ ਅਸੀਂ ਦਿਨੋਂ-ਦਿਨ ਅਮੀਰ ਹੋ ਰਹੇ ਹਾਂ। ਕਿਵੇਂ ਪੰਜਾਬ ਸਰਕਾਰ ਦਿਨ-ਬ-ਦਿਨ ਸਾਡੀ ਜਿੰਦਗੀ ਨੂੰ ਹੋਰ ਵੀ ਖੁਸ਼ਹਾਲ ਬਣਾ ਰਹੀ ਹੈ। ਕੇਂਦਰ ਹਾਲੇ ਵੀ ਸਾਨੂੰ ਲੁੱਟ ਕੇ ਖਾ ਜਾਣਾਂ ਚਹੁੰਦਾ ਹੈ। ਪਰ ਅਸੀਂ ਬੜੀ ਹਿੱਮਤੀ ਕੌਮ ਹਾਂ। ਵੇਖੋ ਕੇਂਦਰ ਦੀਆਂ ਮਾਰੂ ਨੀਤੀਆਂ ਦੇ ਬਾਵਜੂਦ ਵੀ ਅਸੀਂ ਤਰੱਕੀ ਕਰ ਰਹੇ ਹਾਂ। ਸਰਕਾਰ ਤਾਂ ਸਾਡੀ ਆਂਮ ਲੋਕਾਂ ਦੀ ਸੇਵਾਦਾਰ ਹੈ! ਅਸੀਂ ਰਾਜੇ ਹਾਂ; ਅਤੇ ਸਾਡੇ ਬੱਚੇ ਰਾਜਕੁਮਾਰੀਆਂ ਅਤੇ ਰਾਜਕੁਮਾਰ ਹਨ!

ਅਸੀਂ ਇਹ ਸੁਪਨੇਂ ਹਰ ਰੋਜ ਵੇਖਦੇ ਹਾਂ। ਸੌਦੇ-ਜਾਗਦੇ, ਤੁਰਦੇ-ਫਿਰਦੇ, ਚੜਦੇ-ਲਹਿੰਦੇ, ਹਰ ਪਲ। ਪਰ ਅਸਲੀਅਤ ਸਾਨੂੰ ਵਾਰ-ਵਾਰ ਹੁੱਜਾਂ ਮਾਰਦੀ ਹੈ; ਸਾਨੂੰ ਜਗਉਂਦੀ ਹੈ। ਅਖਬਾਰਾਂ-ਇਛਤਿਹਾਰਾਂ ਰਾਹੀਂ ਸਾਨੂੰ ਹਲੂਣਦੀ ਹੈ। ਤਿਖੜ ਦੁਪਹਿਰੇ ਬਿਜਲੀ ਕੱਟਾਂ ਦੇ ਜਰੀਏ ਸਾਡੇ ਮੱਥੇ ਤੇ ਤਰੇਲੀਆਂ ਬਣ-ਬਣ ਵਹਿੰਦੀ ਹੈ। ਸਾਡੇ ਬੱਚਿਆਂ ਦੀ ਬੇਰੋਜਗਾਰੀ, ਉਹਨਾਂ ਦੀ ਵਿਦੇਸ਼ੀ ਵੀਜਿਆਂ ਦੀ ਉਡੀਕ, ਚੜੀ ਜਵਾਨੀਂ ਵਿੱਚ ਉਹਨਾਂ ਦੀਆਂ ਅੱਖਾਂ ਵਿੱਚ ਤਰਦੀ ਬੇ-ਵਸੀ ਵਾਰ-ਵਾਰ ਅੱਖਾਂ ਖੋਲਣ ਲਈ ਸਾਡੀਆਂ ਮਿਨਤਾਂ ਕਢਦੀ ਹੈ। ਪਰ ਅਸੀਂ ਆਪਣੇ ਆਪ ਨੂੰ ਲਾਰੇ ਲਉਣ ਲਈ ਆਪਣੇ ਸਾਰੇ ਤਰਕ ਤੋੜ-ਮਰੋੜ ਲਏ ਹਨ। ਸਾਡੇ ਲਈ ਬਿਜਲੀ ਦਾ ਕੱਟ ਇੱਕ ਟਾਂਵਾਂ-ਵਿਰਲਾ ਹਾਦਸਾ ਹੈ ਜੋ ਹਰ ਰੋਜ਼, ਹਰ ਪਿੰਡ ਤੇ ਸ਼ਹਿਰ ਦੇ ਹਰ ਘਰ ਵਿੱਚ ਵਾਪਰਦਾ ਹੈ। ਸਾਡੀਆਂ ਫਸਲਾਂ ਸਰਕਾਰੀ ਮੰਡੀਆਂ ਵਿੱਚ ਬਸ ਦੋ ਵਾਰੀ ਹੀ ਰੁਲਦੀਆਂ ਹਨ; ਹ੍ਹਾੜੀ ਵੇਲੇ ਤੇ ਸਉਣੀ ਵੇਲੇ; ਬਾਕੀ ਸਮਿਆਂ ਤੇ ਤਾਂ ਸਭ ਸਹੀ ਹੁੰਦਾ ਹੈ! ਸਾਡੇ ਲਈ ਸਾਡੇ ਵਾਟਰ-ਵਰਕਸਾਂ ਦੇ ਮੁਛਕੇ ਪਾਣੀ, ਟੁੱਟੀਆਂ ਸੜਕਾਂ, ਸੜਕਾਂ ਤੇ ਨਿੱਤ ਹੁੰਦੇ ਹਾਦਸੇ, ਨਿੱਤ ਹੁੰਦੀਆਂ ਮੌਤਾਂ ਕਿਸੇ ਪ੍ਰਸ਼ਾਸਨਿਕ ਕਮੀਂ ਦਾ ਨਤੀਜਾ ਨਹੀਂ ਹਨ। ਪ੍ਰਸ਼ਾਸਨ ਤਾਂ ਸਿਰਫ ਸਰਕਾਰੀ ਕਾਰਾਂ ਵਿੱਚ ਬੈਠ ਕੇ ਪਾਗਲਾਂ ਦੀ ਤਰਾਂ ਇੱਧਰ-ਉੱਧਰ ਭੱਜਣ ਨੂੰ ਕਹਿੰਦੇ ਹਨ। ਪ੍ਰਸ਼ਾਸਨ ਸਲਾਨਾਂ ਮੇਲਿਆਂ ਤੇ ਵੱਖ-ਵੱਖ ਟੈਂਟਾਂ ਵਿੱਚ ਲੱਗੇ ਸਟੇਜਾਂ ਦਾ ਨਾਂ ਹੈ। ਪ੍ਰਸ਼ਾਸਨ ਇੱਕ ਰਾਜਸੀ ਟੱਬਰ ਦੀ ਕਿਸੇ ਦੂਜੇ ਰਾਜਸੀ ਟੱਬਰ ਨਾਲ ਦੁਸ਼ਮਨੀਂ ਦੀ ਕਹਾਣੀ ਹੈ। ਇੱਕ ਰਿਐਲਿਟੀ-ਟੀਵੀ-ਸ਼ੋ ਹੈ। ਹਰ ਰੋਜ ਨਿਰੰਤਰ ਚੱਲਣ ਵਾਲੀਆਂ ਖਬਰਾਂ ਦਾ ਰੌਲਾ ਹੈ। ਪ੍ਰਸ਼ਾਸਨ ਸਾਡੇ ਖੇਤਾਂ ਲਈ ਸਬਸਿਡੀਆਂ ਵਧਉਣ ਜਾਂ ਘਟਉਣ ਦਾ ਮੁੱਦਾ ਨਹੀਂ ਹੈ। ਇਹ ਤਾਂ ਚਾਚੇ ਮੁੱਖ-ਮੰਤਰੀ ਅਤੇ ਉਸ ਦੇ ਵਿਧਾਇਕ ਭਤੀਜੇ ਵਿਚਲੀ ਬਹਿਸ-ਬਾਜੀ ਹੈ। ਪ੍ਰਸ਼ਾਸਨ ਦਾ ਬਿਜਲੀ ਦੀ ਥੁੜ ਨਾਲ ਵੀ ਕੋਈ ਸਬੰਧ ਨਹੀ; ਇਹ ਤਾਂ ਸਿਰਫ ਨਵੇਂ ਬਿਜਲੀ ਘਰਾਂ ਮੁਹਰੇ ਵੀਰਾਨ ਪਿਆ ਇੱਕ ਮੀਲ ਪੱਥਰ ਹੈ। ਜਿਸ ਨੂੰ ਮੌਜੂਦਾ ਸਰਕਾਰਾਂ ਵਿਸਾਰ ਦਿੰਦੀਆਂ ਹਨ ਅਤੇ ਜਿਸ ਦਾ ਅੳਣ ਵਾਲੀਆਂ ਸਰਕਾਰਾਂ ਮਜਾਕ ਉਡਉਂਦੀਆਂ ਹਨ।

ਪਰ ਹਾਲਾਤ ਜੋ ਵੀ ਹਨ, ਸਾਡਾ ਸਾਡੇ ਸੁਪਨਿਆਂ ਵਿੱਚ ਯਕੀਨ ਪੱਕਾ ਹੈ; ਘੱਟੋ-ਘੱਟ ਪੰਜ ਸਾਲਾਂ ਲਈ ਤਾਂ ਪੱਕਾ ਹੈ। ਪਰ ਪੰਜ ਕੁ ਸਾਲਾਂ ਬਾਦ ਸ਼ਾਇਦ ਇਹ ਸੁਪਨੇਂ ਟੁੱਟਣ ਲਗਦੇ ਹਨ। ਪੰਜ ਸਾਲਾਂ ਬਾਦ ਸ਼ਾਇਦ ਸਾਨੂੰ ਟੁੱਟੀ ਸੜਕ ਚੁਬਣ ਲਗਦੀ ਹੈ। ਪੰਜ ਸਾਲਾਂ ਬਾਦ ਸ਼ਾਇਦ ਬਿਜਲੀ ਕੱਟ ਸਾਡੇ ਮੱਥੇ ਤੇ ਗੁੱਸੇ ਦੀ ਤਰੇਲੀ ਲੈ ਅਉਂਦਾ ਹੈ। ਪਰ ਪੰਜਾਂ ਸਾਲਾਂ ਬਾਅਦ ਹੀ ਸਰਕਾਰਾਂ ਨਵੇਂ ਸੁਪਨੇ ਬੀਜਣ ਲਈ ਰਉਣੀ ਛੁਰੂ ਕਰ ਦਿੰਦੀਆਂ ਹਨ। ਫੇਰ ਕਿਧਰੋਂ ਹੀ ਬਿਜਲੀ ਆ ਜਾਂਦੀ ਹੈ ਅਤੇ ਸਾਡੇ ਮੱਥੇ ਤੇ ਵਹਿੰਦੀ ਤਰੇਲੀ ਇੱਕ ਦਮ ਸੁੱਕ ਜਾਂਦੀ ਹੈ। ਕੋਈ ਰਾਤੋ-ਰਾਤ ਟੁੱਟੀ ਸੜਕ ਦਾ ਟੋਟਾ ਠੀਕ ਕਰ ਜਾਂਦਾ ਹੈ। ਸਾਡੇ ਅੰਦਰ ਦਾ ਗੁੱਸਾ ਛਛੋਪੰਜ ਵਿੱਚ ਪੈ ਜਾਂਦਾ ਹੈ। ਪੰਜ ਸਾਲ ਬਾਦ ਫਿਰ ਚੋਣਾਂ ਜੋ ਆ ਜਾਂਦੀਆਂ ਹਨ!

ਚੋਣਾਂ ਅੳਣ ਸਾਰ ਫੇਰ ਸਾਡੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਜਿਵੇਂ ਡਿਸਕਵਰੀ ਚੈਨਲ ਤੇ ਅੰਤਾਂ ਦੇ ਸੋਖੇ ਤੋਂ ਮਗਰੋਂ ਪਈ ਬਾਰਸ਼ ਨਾਲ ਸਾਰਾ ਮਾਰੁਥਲ ਹਰਾ ਭਰਾ ਹੋ ਜਾਂਦਾ ਹੈ। ਉਸੇ ਤਰਾਂ ਸਾਡੇ ਮੁਰਝਾਏ ਸੁਪਨਿਆਂ ਦੀਆਂ ਬੰਜਰ ਜਮੀਨਾਂ ਤੇ ਫਿਰ ਤੋਂ ਵੱਤਰ ਆ ਜਾਂਦੀ ਹੈ। ਅਸੀਂ ਫੇਰ ਸਾਡੇ ਨੇਤਾਵਾਂ ਕੋਲੋਂ ਭਾਂਤ-ਭਾਂਤ ਦੇ ਸੁਪਨਿਆਂ ਦੇ ਬੀਜ ਖਰੀਦਦੇ ਹਾਂ। ਗੱਪਾਂ, ਲਾਰਿਆਂ ਦੇ ਇਸ ਮਹਾਂ-ਕੁੰਢ ਵਿੱਚ ਵਿਸਮਾਦਿਤ ਹੋਏ ਅਸੀਂ ਕਿਸੇ ਨੇਤਾ ਦੇ ਲਾਲਚ ਵਿੱਚ ਗਰਭਵਤੀ ਹੋਏ ਸੁਪਨਿਆਂ ਨੂੰ ਆਪਣੇ ਘਰੋ-ਘਰੀਂ ਲੈ ਅਉਂਦੇ ਹਾਂ। ਉਹਨਾਂ ਨੂੰ ਆਪਣੇ ਬੱਚੇ-ਬੱਚੀਆਂ, ਭੇਣ-ਭਰਾਵਾਂ, ਦੋਸਤਾਂ ਰਿਸ਼ਤੇਦਾਰਾਂ ਵਿੱਚ ਵੰਡ ਦਿੰਦੇ ਹਾਂ। ਅਤੇ ਅਉਣ ਵਾਲੇ ਪੰਜ ਸਾਲਾਂ ਲਈ ਅਸੀਂ ਸੁਪਨਿਆਂ ਦੀ ਇੱਕ ਅਜਿਹੀ ਨਗਰੀ ਵਿੱਚ ਗੁਆਚ ਜਾਂਦੇ ਹਾਂ ਜਿੱਥੇ ਸਚਾਈ ਸਾਨੂੰ ਭਾਲ ਨਹੀਂ ਸਕਦੀ। ਜਿੱਥੇ ਰਿਸ਼ਵਤਖੋਰੀ ਦਾ ਤਪਦਾ ਸੇਕ ਨਹੀਂ ਪਹੁੰਚਦਾ। ਜਿੱਥੇ ਸਾਂਨੂੰ ਸਾਡੇ ਅੰਦਰੋਂ ਉੱਠੀ ਚੀਕ ਵੀ ਸੁਨਾਈ ਨਹੀਂ ਦਿੰਦੀ। ਸਾਡਾ ਚੰਮ ਉੱਧੜ ਜਾਂਦਾ ਹੈ, ਪਰ ਸਾਡਾ ਸੁਪਨਾਂ ਟੱਸ ਤੋਂ ਮੱਸ ਨਹੀਂ ਹੁੰਦਾ।

ਅਸਲੀਅਤ ਇਹ ਹੈ ਦੋਸਤੋ ਕਿ ਪੰਜਾਬ ਵਿੱਚ ਸਿਰਫ ਕੁੱਝ ਖਾਸ ਬੰਦਿਆਂ ਦੇ ਹੀ ਸੁਪਨੇਂ ਪੂਰੇ ਹੁੰਦੇ ਹਨ। ਖਾਸ ਕਰਕੇ ਸਾਡੇ ਹਰਮਨ-ਪਿਆਰੇ ਬਾਬੇ ਦੇ ਜਿਸ ਨੇ ਸਾਡੇ ਸਾਰਿਆਂ ਦੀਆਂ ਅੱਖਾਂ ਸਾਹਮਣੇ ਆਪਣੇ ਮੁੰਡੇ ਨੂੰ ਪੰਜਾਬ ਦਾ ਮੁੱਖ-ਮੰਤਰੀ ਬਣਾ ਜਾਣਾਂ ਹੈ। ਸਾਡੇ ਮੁੰਡੇ ਕੁੜੀਆਂ ਉਸੇ ਤਰਾਂ ਰੋਜ਼ਗਾਰ ਅਤੇ ਬੇਰੋਜ਼ਗਾਰੀ ਦੇ ਸੁਪਨਿਆਂ ਦਾ ਬੋਝ ਢੋਂਦੇ ਰਹਿਣਗੇ। ਤਿੱਖੜ ਦੁਪਹਿਰੇ ਪੱਖੇ ਉਸੇ ਤਰਾਂ ਘੁਰ-ਘੁਰ ਕਰਕੇ ਬੰਦ ਹੁੰਦੇ ਰਹਿਣਗੇ। ਪੰਜਾਬ ਇਸੇ ਤਰਾਂ ਨਿੱਘਰਦਾ ਰਹੇਗਾ। ਰਾਜਨੀਤੀ ਦਾ ਵਹਿਣ ਗੰਦੇ ਨਾਲੇ ਦੀ ਤਰਾਂ ਵਗਦਾ ਰਹੇਗਾ; ਪੰਜੀਂ ਸਾਲੀਂ ਸਾਡੇ ਸੁਪਨਿਆਂ ਨੂੰ ਹੜਦਾ ਰਹੇਗਾ।

ਆਖਰ ਅਸੀਂ ਕਦੋਂ ਤੱਕ ਸੁਪਨਿਆਂ ਵਿੱਚ ਹੀ ਆਪਣੇ ਬੱਚਿਆਂ ਨੂੰ ਬੁਲਬੁਲਾਂ ਤੇ ਕੋਇਲਾਂ ਕਹਿ ਕੇ ਪੁਚਕਾਰਦੇ ਰਹਾਂਗੇ; ਅਤੇ ਕਦੋਂ ਤੱਕ ਆਲ੍ਹਣਿਆਂ ਵਿੱਚ ਪਾਲਦੇ ਰਹਾਂਗੇ ਇਹਨਾਂ ਕਾਵਾਂ ਦੇ ਬੱਚੇ? ਸਾਡੇ ਪੰਜ ਪਾਣੀ ਆਖਰ ਇਸ ਸਿਉਂਖੇ ਰੁੱਖ ਨੂੰ ਕਿੰਨਾਂ ਕੁ ਚਿਰ ਹਰਾ ਰੱਖ ਸਕਣਗੇ? ਅੱਜ ਮੈਂ ਸਿਰਫ ਸਵਾਲ ਪੁੱਛ ਰਿਹਾ ਹਾਂ, ਜਵਾਬ ਕਦੇ ਫੇਰ ਲਿਖਾਂਗਾ।