ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਅੱਜ ਪੰਜਾਬ ਰਾਜਨੀਤੀ ਇੱਕ ਬੜੇ ਇਤਿਹਾਸਕ ਦੌਰ ਵਿੱਚੋਂ ਲੰਘ ਰਹੀ ਹੈ। ਇੱਕ ਪਾਸੇ ਹੋਸ਼ੇ ਨੀਂਹ ਪੱਥਰ ਸਮਾਗਮਾਂ ਤੋਂ ਅੱਕੇ ਲੋਕ ਕਿਸੇ ਉਸਾਰੂ ਆਗੂ ਦੀ ਭਾਲ ਵਿੱਚ ਹਨ ਅਤੇ ਦੂਜੇ ਪਾਸੇ ਨੇਤਾ ਆਪਣੇ ਉਹੀ ਬੇਹੇ-ਪੁਰਾਣੇ ਖਿਆਲਾਂ ਨੂੰ ਨਵੇਂ ਪੰਨਿਆਂ ਵਿੱਚ ਲਪੇਟ ਕੇ ਲੋਕਾਂ ਨੂੰ ਭਰਮਉਣ ਦੀ ਤਾਕ ਵਿੱਚ ਹਨ। ਉੱਤੋਂ ਲੋਕ-ਰਾਇ ਨੂੰ ਬਦਲਣ ਵਾਲੇ ਮਾਧਿਅਮ ਆਪ ਹੀ ਤੇਜੀ ਨਾਲ ਬਦਲ ਰਹੇ ਹਨ। ਹੁਣ ਕਿਸੇ ਪਾਰਟੀ ਵੱਲੋਂ ਤਿਆਰ ਕੀਤਾ ਇੱਕ ਢੁਕਵਾਂ SMS ਵਿਰੋਧੀ ਸਟੇਜਾਂ ਤੇ ਲੱਗੇ ਲੱਖਾਂ ਲੋਕਾਂ ਦੇ ਇਕੱਠ ਨੂੰ ਮਾਤ ਦੇ ਸਕਦਾ ਹੈ। ਅਖਬਾਰਾਂ, ਰਸਾਲੇ ਹਾਲੇ ਵੀ ਆਪਣੀ ਕਾਫੀ ਪਹੁੰਚ ਰਖਦੇ ਹਨ, ਪਰ ਉਹਨਾਂ ਦੀ ਥਾਂ ਤੇਜੀ ਨਾਲ ਇੱਕ ਹੋਰ ਜਾਣਕਾਰੀ ਮਾਧਿਅਮ ਲੈ ਰਿਹਾ ਹੈ। ਉਹ ਹੈ ‘ਪੰਜਾਬੀ ਇੰਟਰਨੈੱਟ’!

 

ਮੈਂ ਤੁਹਾਡੇ ਸਾਹਮਣੇ ਉਹ ਕਹਾਣੀ ਬਿਆਨ ਕਰਨਾ ਚਹੁੰਦਾ ਹਾਂ ਜੋ ਕੰਪਿਊਟਰਾਂ ਤੇ, ਇੰਟਰਨੈੱਟ ਜ਼ਰੀਏ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਨਾਲੋ-ਨਾਲ ਲਿਖੀ ਜਾ ਰਹੀ ਹੈ। ਇਹ ਕਹਾਣੀ ਉਸੇ ਮਹਾਂ-ਲਹਿਰ ਦਾ ਹਿੱਸਾ ਹੈ ਜੋ ਪੰਜਾਬ ਵਿੱਚ ਅਖਬਾਰਾਂ-ੲਸ਼ਤਿਹਾਰਾਂ ਦੇ ਜ਼ਰੀਏ, ਸ਼ਹਿਰਾਂ ਦੇ ਕਲੱਬਾਂ ਵਿੱਚ, ਪਿੰਡਾਂ ਦੀ ਖੁੰਡ ਚਰਚਾ ਵਿੱਚ ਅਤੇ ਸਕੂਲਾਂ-ਕਾਲਜਾਂ ਦੀਆਂ ਕਨਟੀਨਾਂ ਵਿੱਚ; ਆਪ-ਮੁਹਾਰੀ, ਮੌਜੂਦਾ ਸਰਕਾਰ ਦੇ ਖਿਲਾਫ਼, ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਅਤੇ ਕਾਂਗਰਸ ਨੂੰ ਅੱਖੋਂ-ਉਹਲੇ ਕਰਦੀ, ਦਿਨੋਂ ਦਿਨ ਭਖਦੀ ਚਲੀ ਜਾ ਰਹੀ ਹੈ। ਪੰਜਾਬ ਰਾਜਨੀਤੀ ਦਾ ਅਜੋਕਾ ਇਤਿਹਾਸ ਕੇਵਲ ਜੋੜ-ਮੇਲਿਆਂ ਉੱਤੇ ਉਮੜਦੇ ਇਕੱਠਾਂ ਅਤੇ ਲੀਡਰਾਂ ਦੀ ਤਿੱਖੀ ਬਿਆਨਬਾਜ਼ੀ ਨਾਲ ਹੀ ਨਹੀਂ ਰਚਿਆ ਜਾ ਰਿਹਾ; ਇਸ ਦੀ ਕਨਸੋ ਤਾਂ ਔਰਕੁਟ (orkut) ਅਤੇ ਫੇਸਬੁੱਕ (facebook) ਤੇ ਧੜਾ-ਧੜ ਸਾਂਝੇ ਹੁੰਦੇ ਸੁਨੇਹਿਆਂ ਵਿੱਚੋਂ ਵੀ ਲਈ ਜਾ ਸਕਦੀ ਹੈ।

 

ਕੋਈ ਵੀ ਇੰਟਰਨੈੱਟ ਵਰਤਣ ਵਾਲਾ ਬੰਦਾ ਤੁਹਾਨੂੰ ਦੱਸ ਸਕਦਾ ਹੈ ਕਿ ਕੰਪਿਉਟਰਾਂ, ਲੈਪਟੌਪਾਂ ਅਤੇ ਸੈਲ ਫੋਨਾਂ ਤੇ ਚੱਲ ਰਹੀ ਇਹ ਵਿਚਾਰਕ ਲੜਾਈ ਬਿਨਾਂ ਸ਼ੱਕ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਭੁਗਤ ਰਹੀ ਹੈ। ਇੱਕ ਅਨੁਮਾਨ ਅਨੁਸਾਰ ਹਰ 10 ਸੈਕਿੰਡ ਚ ਮਨਪ੍ਰੀਤ ਦੇ ਹੱਕ ਵਿੱਚ ਘੱਟੋ-ਘੱਟ ਇੱਕ ਸੁਨੇਹਾਂ ਹਜਾਰਾਂ ਲੋਕਾਂ ਵਿਚਕਾਰ ਸਾਂਝਾ ਹੋ ਰਿਹਾ ਹੈ, ਹਰ 1 ਘੰਟੇ ਵਿੱਚ ਮਨਪ੍ਰੀਤ ਦੇ ਹੱਕ ਵਿੱਚ ਇੱਕ ਲੇਖ ਜਾਂ ਕਵਿਤਾ ਲਿਖੀ ਜਾ ਰਹੀ ਹੈ; ਜਿਸ ਤੇ ਮਿੰਟੋ-ਮਿੰਟੀ ਸੈਂਕੜੇ ਲੋਕੀਂ ਟਿੱਪਣੀਆਂ ਕਰਦੇ ਹਨ। ਹਰ ਰੋਜ਼ ਹਜ਼ਾਰਾਂ ਲੋਕ ਮਨਪ੍ਰੀਤ ਦਾ ਸਾਥ ਦੇਣ ਦੀਆਂ ਸੌਂਹਾਂ ਖਾਂਦੇ ਅਤੇ ਉਸ ਨੂੰ ਈਮੇਲਾਂ ਭੇਜਦੇ ਹਨ। ਮਨਪ੍ਰੀਤ ਦੇ ਇਸ ਲਛਕਰ ਦੀ ਉੜਦੀ ਧੂੜ ਚ ਪਟਿਆਲੇ ਵਾਲੇ ਮਹਾਰਾਜੇ ਦੀ ਬੱਘੀ ਕਿਤੇ ਨਜਰ ਨਹੀਂ ਅਉਂਦੀ, ਤੇ ਨਾਂ ਹੀ ਪ੍ਰਕਾਸ਼ ਸਿੰਘ ਦੀਆਂ ਥੱਕੀਆਂ ਫ਼ੌਜਾਂ ਹੀ ਕਿਤੇ ਦਿਸਦੀਆਂ ਹਨ! ਗਰਦੋ-ਗੋਰ ਹੋਏ ਇੰਟਰਨੈੱਟ ਦੇ ਇਸ ਜੰਗੇ-ਮੈਦਾਨ ਦਾ ਇੱਕੋ-ਇੱਕ ਸ਼ਹਨਸ਼ਾਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੈ!

 

ਅਜਿਹਾ ਨਹੀਂ ਕਿ ਮਨਪ੍ਰੀਤ ਵਿਰੋਧੀ ਪਾਰਟੀਆਂ ਇਸ ਵਰਤਾਰੇ ਬਾਰੇ ਚੁੱਪ ਹਨ। ਪੰਜਾਬ ਰਾਜਨੀਤੀ ਨਾਲ ਜੁੜੇ ਲੋਕਾਂ ਵਿੱਚੋਂ ਮਨਪ੍ਰੀਤ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਦੇ ਮੀਢੀਆ ਸਲਾਹਕਾਰ ਹਰਚਰਨ ਬੈਂਸ ਦੀ ਕਾਫੀ ਚਰਚਾ ਹੈ। ਉੱਧਰ ਕਾਂਗਰਸ ਦੇ ਜੱਸੀ ਖੰਗੂੜਾ ਵੀ ਵਾਹਵਾ ਹਾਜਰੀ ਲਵਉਂਦੇ ਹਨ। ਇਹ ਨਿੱਤ ਦਿਨ ਆਪਣੇ ਅਤੇ ਆਪਣੀਆਂ ਪਾਰਟੀਆਂ ਦੇ ਵੀਡੀਓ ਅਤੇ ਲੇਖ ਸਾਂਝੇ ਕਰਦੇ ਰਹਿੰਦੇ ਹਨ। ਹਰਚਰਨ ਤੇ ਜੱਸੀ ਤਾਂ ਅਕਸਰ ਹੀ ਆਹਮੋਂ-ਸਾਹਮਣੀ ਬਹਿਸ ਵਿੱਚ ਉਲਝੇ ਦੇਖੇ ਜਾ ਸਕਦੇ ਹਨ।

 

ਪਰ ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਇੰਟਰਨੈੱਟ ਤੇ ਸਰਗਰਮੀਂ ਵਿੱਚ ਮਨਪ੍ਰੀਤ ਅਤੇ ਉਸ ਦੇ ਸਮਰਥਕਾਂ ਦਾ ਕੋਈ ਮੁਕਾਬਲਾ ਨਹੀਂ ਹੈ। ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਮਨਪ੍ਰੀਤ ਦੇ ਸਮਰਥਕਾਂ ਨੇ ਔਰਕੁਟ ਅਤੇ ਫੇਸਬੁੱਕ ਤੇ ਕਈ ਗਰੁੱਪ ਬਣਾ ਲਏ ਹਨ। ਇਹਨਾਂ ਸਮਰਥਕਾਂ ਵਿੱਚ ਹਰ ਤਰਾਂ ਦੇ ਲੋਕ ਮੌਜੂਦ ਨੇ; ਡਾਕਟਰ, ਇੰਜਨੀਅਰ, ਟਰੱਕ-ਟੈਕਸੀ ਡਰਾਈਵਰ, ਬਿਜ਼ਨਸਮੈਨ, ਛੜ੍ਹੇ, ਵਿਆਹੇ, ਜੁਆਕਾਂ ਵਾਲੇ, ਬੇਰੁਜ਼ਗਾਰ, ਨੌਕਰੀ-ਪੇਸ਼ਾ; ਬੁੱਢੇ ਕੀ ਤੇ ਜੁਆਨ ਕੀ। ਇਕੱਲੇ ਮਨਪ੍ਰੀਤ ਦੇ ਸਮਰਥਨ ਵਿੱਚ ਹੀ ਐਨੇ ਦੇਸੀ ਅਤੇ ਵਿਦੇਸ਼ੀ ਗਰੁੱਪ ਖੜੇ ਹੋ ਗਏ ਹਨ ਜਿੰਨੇ ਕਿ ਸ਼ਾਇਦ ਉਸ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਿਲਾ ਕੇ ਵੀ ਨਾਂ ਹੋਣ। ਇਹਨਾਂ ਹੀ ਯਤਨਾਂ ਵਿੱਚੋਂ www.JagoPunjab.net ਨਾਂ ਦੀ ਇੱਕ ਸਾਈਟ ਬੜੀ ਤੇਜੀ ਨਾਲ ਉੱਭਰ ਜੇ ਸਾਹਮਣੇ ਆ ਰਹੀ ਹੈ। ਇੱਥੋਂ ਤੱਕ ਕਿ ਤੁਹਾਡੇ ਹਥਲੇ ਪਰਚੇ ਦੀ ਲੱਗਭੱਗ ਸਾਰੀ ਸਮਗਰੀ ਇਸ ਸਾਇਟ ਦੇ ਜ਼ਰੀਏ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨਾਲ ਵੀ ਸਾਂਝੀ ਹੋ ਰਹੀ ਹੈ। ਇਸ ਤੋਂ ਇਲਾਵਾ ਕਈ ਵਿਧਾਨ ਸਭਾ ਹਲਕੇ ਦੇ ਆਪਣੇ-ਆਪਣੇ ਪੇਜ ਬਣ ਚੁੱਕੇ ਹਨ ਜਿੱਥੇ ਲੋਕ ਮਨਪ੍ਰੀਤ ਨੂੰ ਵਧੀਆ ਵਧਾਇਕ ਚੁਨਣ ਦੀਆਂ ਸਲਾਹਾਂ ਦਿੰਦੇ ਹਨ।

 

ਜੇ ਆਪਾਂ ਕਿਸੇ ਵੀ ਰਾਜਸੀ ਸਮਰਥਨ ਤੋਂ ਉੱਤੇ ਉੱਠ ਕੇ ਵੇਖੀਏ ਤਾਂ ਪੰਜਾਬੀਆਂ ਦਾ ਇੰਟਰਨੈੱਟ ਤੇ ਇਹ ਰੁਝਾਨ ਬੜਾ ਸਾਰਥਕ ਅਤੇ ਅਗਾਂਹਵਧੂ ਕਦਮ ਹੈ। ਇਹ ਸੱਚ ਹੈ ਕਿ ਆਪਣੇ ਨੇਤਾਵਾਂ ਵਿੱਚ ਦੂਰ-ਅੰਦੇਸ਼ੀ ਦੀ ਘਾਟ ਕਾਰਨ ਅਸੀਂ ਕਈ ਰਾਜਾਂ ਦੇ ਮੁਕਾਬਲੇ IT ਕ੍ਰਾਂਤੀ ਵਿੱਚ ਪੱਛੜ ਗਏ ਹਾਂ। ਪਰ ਅਸੀਂ ਇਹ ਸਿਰ ਚੱਕ ਕੇ ਕਹਿ ਸਕਦੇ ਹਾਂ ਕਿ ਪੰਜਾਬੀਆਂ ਤੋਂ ਬਿਨਾਂ ਭਾਰਤ ਦੀ ਕਿਸੇ ਵੀ ਹੋਰ ਸਟੇਟ ਨੇ ਹਾਲੇ ਇੰਟਰਨੈੱਟ ਨੂੰ ਸਿਆਸੀ ਚੇਤਨਾਂ ਦਾ ਐਨਾਂ ਕਾਰਗਰ ਮੰਚ ਨਹੀਂ ਬਣਾਇਆ। ਇੰਟਰਨੈਟ ਦੇ ਸਦਉਪਯੋਗ ਵਿੱਚ ਅਸੀਂ ਉਸੇ ਤਰਾਂ ਅਗਾਂਹ ਵਧੂ ਤੇ ਮੋਢੀ ਹਾਂ ਜਿਵੇਂ ਪਿਛਲੀ ਸਦੀ ਦੇ ਅਰੰਭ ਚ ਵਿਦੇਸ਼ਾਂ ਨੂੰ ਆਪਣਾਂ ਘਰ ਬਣਾ ਕੇ ਅਸੀਂ ਇੱਕ ਨਵੇਂ ਵਰਤਾਰੇ ਦਾ ਮੁੱਢ ਬੰਨਿਆਂ ਸੀ। ਨਾਲ ਹੀ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਇਸ ਵਰਤਾਰੇ ਦੀ ਅਗਵਾਹੀ ਪੰਜਾਬੀ ਮੁੰਡੇ-ਕੁੜੀਆਂ ਨੇ ਹੀ ਕੀਤੀ ਹੈ।

 

ਮੰਨਿਆਂ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਬੁਰੀ ਤਰਾਂ ਨਸ਼ਿਆਂ ਅਤੇ ਬੇਰੋਜ਼ਗਾਰੀ ਦੇ ਚੱਕਰਵਿਊ ਵਿੱਚ ਫਸੀ ਪਈ ਹੈ। ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਆਪਣੀ ਗੱਲ ਰੱਖਣ ਦੇ ਸਾਰੇ ਮਾਧਿਅਮ ਖਤਮ ਕਰ ਦਿੱਤੇ ਹਨ। ਨੌਂਜਵਾਨਾਂ ਵਿੱਚੋਂ ਯੋਗ ਆਗੂ ਪੈਦਾ ਕਰਨ ਦੇ ਸਾਰੇ ਸੋਮਿਆਂ ਤੇ ਵੱਖ-ਵੱਖ ਰਾਜਸੀ ਟੱਬਰਾਂ ਦਾ ਸੰਪੂਰਨ ਕਬਜਾ ਹੋ ਚੁੱਕਿਆ ਹੈ। ਪਿੰਡਾਂ-ਸ਼ਹਿਰਾਂ ਦੇ ਖੇਡ-ਕਲੱਬ ਰਾਜਸੀ ਤਾਕਤਾਂ ਦੇ ਹੱਥਾਂ ਦਾ ਖਿਡਉਣਾਂ ਬਣ ਗਏ ਹਨ ਅਤੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਵਿੰਗਾਂ ਉਹਨਾਂ ਲਈ ਮਹਿਜ਼ ਗੁੰਡੇ ਭਰਤੀ ਕਰਨ ਦੇ ਅੱਡੇ ਹਨ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਜਦੋਂ ਇੰਟਰਨੈੱਟ ਨੇ ਸਾਰੇ ਪੰਜਾਬੀਆਂ ਨੂੰ ਆਪਣੀ ਗੱਲ ਰੱਖਣ ਦਾ ਇੱਕੋ ਜਿਹਾ ਅਵਸਰ ਦਿੱਤਾ ਤਾਂ ਉਹਨਾਂ ਨੇ (ਖਾਸ ਕਰ ਨੌਜਵਾਨ ਵਰਗ ਨੇ) ਇਸ ਮੌਕੇ ਤਾ ਪੂਰਾ-ਪੂਰਾ ਫਾਇਦਾ ਉਠਾਇਆ। ਇੰਟਰਨੈੱਟ ਦੇ ਜ਼ਰੀਏ ਉੱਭਰ ਕੇ ਆ ਰਹੀਆਂ ਇਹ ਅਵਾਜ਼ਾਂ ਹੋਰ ਕੁੱਝ ਨਹੀਂ ਬਲਕਿ ਲੋਕਾਂ ਦੇ ਕਈ ਦਹਾਕਿਆਂ ਤੋਂ ਡੱਕੇ ਪਏ ਸੁਪਨਿਆਂ, ਇਰਾਦਿਆਂ ਅਤੇ ਯੋਜਨਾਵਾਂ ਦੇ ਪੁਲੰਦੇ ਹਨ।

 

ਇਸ ਲਈ ਮੈਂਨੂੰ ਇਹ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਇੰਟਰਨੈੱਟ ਦੂਜੇ ਮੀਢੀਆ ਸਰੋਤਾਂ ਨਾਲੋਂ ਹਾਲੇ ਛੋਟਾ ਸਹੀ, ਪਰ ਇਹ ਲੋਕਾਂ ਦੇ ਰਾਜਸੀ ਝੁਕਾਅ ਦੀ ਜ਼ਿਆਦਾ ਸਾਫ ਅਤੇ ਨਿਰਸੰਕੋਚ ਤਸਵੀਰ ਪੇਸ਼ ਕਰਦਾ ਹੈ। ਮੈਂ ਔਨਲਾਈਨ ਮੁੰਡੇ-ਕੁੜਈਆਂ ਦੀਆਂ ਗੱਲਾਂ ਚੋਂ ਕ੍ਰਾਂਤੀ ਦੀਆਂ ਯਲਗਾਰਾਂ ਸੁਣੀਆਂ ਹਨ, ਲੋਹੇ ਦੇ ਇਰਾਦੇ ਵੇਖੇ ਹਨ ਅਤੇ ਪੰਜਾਬ ਦੇ ਵਿਕਾਸ ਲਈ ਪਰਪੱਕ ਜਨੂਨ ਮਹਿਸੂਸ ਕੀਤਾ ਹੈ। ਜੇ ਮੇਰਾ ਅਨੁਭਵ ਸਹੀ ਹੈ ਤਾਂ ਇਹ ਅੱਜ ਦੇ ਸਮੇਂ ਦੀ ਅਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਉੱਤਮ ਸੌਗਾਤ ਹੋਵੇਗੀ।