ਬਹੁਤ ਪਾਠਕ ਸੋਚਦੇ ਹੋਣਗੇ ਕਿਤੇ ਮੈਂ ਸਿਰਲੇਖ ਗਲਤ ਤਾਂ ਨਹੀਂ ਲਿਖਿਆ! ਪੰਜਾਬ ਸਿੱਖਿਆ ਪ੍ਰਣਾਲੀ ਚ’ ਖੂਬੀਆਂ ਕਿੱਥੋਂ ਆ ਗਈਆਂ; ਖਾਮੀਆਂ ਹੀ ਖਾਮੀਆਂ ਨੇ। ਉਮੀਦ ਕਰਦਾ ਹਾਂ ਕਿ ਇਸ ਲੇਖ ਰਾਹੀਂ ਮੈਂ ਕੁੱਝ ਗਲਤ-ਫਹਿਮੀਆਂ ਦੂਰ ਕਰਨ ਵਿੱਚ ਕਾਮਯਾਬ ਰਹਾਂਗਾ।

ਪਹਿਲਾਂ ਇਹ ਸਾਫ ਕਰ ਦੇਵਾਂ ਕਿ ਮੈਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਤੇ ਟਿੱਪਣੀ ਕਰਨ ਦਾ ਕਿੰਨਾਂ ਕੁ ਹੱਕ ਰਖਦਾ ਹਾਂ।

ਮੈਂ IIT ਦਿੱਲੀ ਤੋਂ Chemical Engineering ਗ੍ਰੈਜੂਏਟ ਹਾਂ; 2002 ਬੈਚ ਦਾ। ਉਸ ਤੋਂ ਬਾਅਦ ਵਿੱਚ ਕਨੇਡਾ ਤੋਂ ਵਾਤਾਵਰਨ ਸਾਂਇੰਸ ਵਿੱਚ ਮਾਸਟਰਜ਼ ਵੀ ਕੀਤੀ ਹੈ। ਪਰ ਮੈਂ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਵੱਖ-ਵੱਖ ਪੰਜਾਬੀ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜਿਆ ਹਾਂ (7 ਪਿੰਡਾਂ ਵਿੱਚ; ਚਾਰ ਪ੍ਰਾਇਮਰੀ ਸਕੂਲ ਬਦਲੇ ਅਤੇ ਤਿੰਨ ਮਿਡਲ)। ਉਸ ਤੋਂ ਬਾਅਦ 9ਵੀਂ ਅਤੇ 10ਵੀਂ ਬਠਿੰਡਿਓਂ ਕੀਤੀ; ਮੈਥ ਅਤੇ ਸਾਂਇਸ ਅੰਗਰੇਜੀ ਮਾਧਿਅਮ ਵਿੱਚ ਬਾਕੀ ਪੰਜਾਬੀ ਵਿੱਚ। ਪਰ ਪਿੰਡੋਂ ਹੀ ਬੱਸ ਤੇ ਅਉਂਦਾ ਜਾਂਦਾ ਸੀ। ਘਰੇ ਪਸੂ-ਡੰਗਰ ਦੀ ਸਾਂਭ-ਸੰਭਾਈ ਵਿੱਚ ਵੀ ਹੱਥ ਵਟਾਈਦਾ ਸੀ; ਖੇਤੋਂ ਨੀਰਾ-ਪੱਠਾ ਵੀ ਲਿਆਈਦਾ ਸੀ। +1 ਅਤੇ +2 ਬਠਿੰਡੇ ਰਜਿੰਦਰਾ ਕਾਲਜ ਤੋਂ ਕੀਤੀ ਪਰ ਕਾਲਜ ਤਾਂ ਨਾਂ-ਮਾਤਰ ਹੀ ਜਾਈਦਾ ਸੀ। ਕਦੇ ਟਿਊਸ਼ਨ ਨਹੀਂ ਰੱਖੀ, ਘਰੇ ਬੈਠ ਕੇ ਆਪ ਹੀ ਪੜੀਦਾ ਸੀ ਅਤੇ IIT ਲਈ ਤਿਆਰੀ ਕਰੀਦੀ ਸੀ। ਜੇ ਮੈਂ ਕੌਨਵੈਂਟ ਸਕੂਲਾਂ ਦੇ ਜਵਾਕਾਂ ਦੀ ਕਾਵਾਂਰੌਲੀ ਅਤੇ ਟਿਊਸ਼ਨਾਂ ਦੇ ਰੁਝਾਨ ਤੋਂ ਵੱਖ ਰਹਿ ਕੇ ਆਪਣੇ ਲਈ ਕੁੱਝ ਕਰ ਸਕਿਆ ਹਾਂ ਤਾਂ ਉਸ ਦਾ ਸਿਹਰਾ ਮੈਂ ਆਪਣੀ ਮੁਢਲੀ ਸਿੱਖਿਆ ਦੇ ਸਿਰ ਹੀ ਬੰਨਦਾ ਹਾਂ।

ਸੋ ਪਹਿਲਾ ਤੱਥ – ਸਾਇੰਸ ਅਤੇ ਮੈਥ ਦਾ ਮੁਢਲਾ ਗਿਆਨ ਕੇਵਲ ਆਪਣੀ ਮਾਤ ਭਾਸ਼ਾ ਵਿੱਚ ਹੀ ਲੈਣਾ ਚਾਹੀਦਾ ਹੈ; ਇਸ ਦਾ ਕਿਸੇ ਵੀ ਹੋਰ ਤਰੀਕੇ ਨਾਲੋਂ ਥੋੜਾ-ਬਹੁਤ ਨਹੀਂ ਬਲਕਿ ਜ਼ਮੀਨ-ਆਸਮਾਨ ਦਾ ਫਰਕ ਹੈ। ਸਾਂਇੰਸ, ਮੈਥ ਚ’ ਚੰਗੇ ਨੰਬਰ ਲੈਣਾ ਇੱਕ ਗੱਲ ਹੈ, ਪਰ ਮੈਂ ਇਹਨਾਂ ਵਿਸ਼ਿਆਂ ਨੂੰ ਮਾਣਦਾ ਰਿਹਾ ਹਾਂ। ਸਿੱਖਿਆ ਵਿੱਚ ਇੱਕ ਨਸ਼ਾ ਹੈ, ਜਿਸ ਨੂੰ ਕੇਵਲ ਮਾਤ-ਭਾਸ਼ਾ ਚ ਹੀ ਮਾਣਿਆਂ ਜਾ ਸਕਦਾ ਹੈ; ਬੇਗਾਨੀ ਭਾਸ਼ਾ ਵਿੱਚ ਤਾਂ ਸਿਰਫ ਰੱਟਾ ਹੀ ਲਾਇਆ ਜਾ ਸਕਦਾ ਹੈ। ਕਾਰਨ ਇਹ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਭੌਤਿਕਤਾ ਨੂੰ ਆਪਣੀ ਮਾਤ-ਭਾਸ਼ਾ ਵਿੱਚ ਹੀ ਸਮਝਦੇ ਹਾਂ। ਸਿੱਖਿਆ ਇਸੇ ਆਲੇ-ਦੁਆਲੇ ਦੀ ਬੌਧਿਕਤਾ ਤੋਂ ਸ਼ੁਰੂ ਹੁੰਦੀ ਹੈ; ਇਸੇ ਆਲੇ ਦੁਆਲੇ ਦੇ ਵੱਖ-ਵੱਖ ਰੌਚਕ ਪਹਿਲੂਆਂ ਨੂੰ ਨਿਖਾਰਦੀ ਅਤੇ ਵਿਸਥਾਰ ਦਿੰਦੀ ਹੈ। ਇਹਨਾਂ ਦੋਹਾਂ ਅਨੁਭਵਾਂ ਦੇ ਸੁਮੇਲ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕਰਨਾ ਕਿਸੇ ਵੀ ਪੁੰਗਰਦੀ ਮਾਨਸਿਕਤਾ ਲਈ ਘਾਤਕ ਹੈ। ਸੋ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਪਹਿਲੀ ਖੂਬੀ ਇਹ ਹੈ ਕਿ ਇੱਥੇ ਹਾਲੇ ਵੀ ਮੁਢਲੀ ਸਿੱਖਿਆ ਪੰਜਾਬੀ ਵਿੱਚ ਦਿੱਤੀ ਜਾਂਦੀ ਹੈ।

ਮੈਂ ਆਪਣੇ-ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ ਕਿ ਮੈਂ ਆਪਣੀ ਮੁਢਲੀ ਸਿੱਖਿਆ ਭੁੰਜੇ ਬੈਠ ਕੇ, ਰੁੱਖਾਂ ਦੀ ਡੱਬ-ਖੜੱਬੀ ਛਾਵੇਂ ਬੋਰੀਆਂ ਵਿਛਾ ਕੇ, ਦਵਾਤਾਂ-ਫੱਟੀਆਂ ਦੇ ਦੌਰ ਚ’, ਪੇਂਡੂ ਸਰਕਾਰੀ ਸਕੂਲਾਂ ਦੇ ਖੁੱਲੇ ਅਤੇ ਸਰਲ ਮਹੌਲ ਵਿੱਚ ਹਾਸਲ ਕੀਤੀ ਹੈ। ਤੜਕੇ ਹਸਦੇ-ਡਰਦੇ ਜਨ-ਗਨ-ਮਨ ਗਾਈਦਾ ਸੀ, ਫੇਰ ਫੱਟੀ ਲਿਖੀਦੀ ਸੀ, ਕਾਪੀਆਂ ਚੈਕ ਕਰਾਈਦੀਆਂ ਸਨ, ਪਾਠ ਸੁਣਾਈਦਾ ਸੀ। ਅੱਧੀ ਛੁੱਟੀ ਵੇਲੇ ਰੋਟੀ ਖਾਣ ਲਈ ਘਰੇ ਜਾਂਦੇ ਸਾਂ। ਨਾਲੇ ਰੋਟੀ ਖਾ ਜਾਂਦੇ ਨਾਲੇ ਫੱਟੀ ਪੋਚ ਕੇ ਸੁੱਕਣੀ ਪਾ ਜਾਂਦੇ। ਬਾਕੀ ਦਾ ਦਿਨ ਸਕੂਲ ਵਿੱਚ ਗੱਲਾਂ-ਬਾਤਾਂ ਚ ਹੀ ਜਾਂਦਾ। ਜਾਂ ਮਾੜਾ ਮੋਟਾ ਅਗਲੇ ਦਿਨ ਦਾ ਸਬਕ ਯਾਦ ਕਰਨਾ, ਕਾਪੀਆਂ ਲਿਖਣੀਆਂ। ਕਦੇ-ਕਦੇ ਦੁਪਹਿਰ ਦੀ ਚਾਹ ਤੋਂ ਬਾਅਦ ਮਾਸਟਰ ਗਾਣੇ ਵੀ ਸੁਣਦੇ ਸਨ। ਵਿਸ਼ਰਾਮ ਚ ਖੜ੍ਹ ਕੇ ਅਤੇ ਛੱਤ ਵੰਨੀ ਵੇਖ ਕੇ ਹੀ ਸਾਰਾ ਗਾਣਾ ਗਾ ਜਾਈਦਾ ਸੀ। ਇਹ ਮੇਰਾ ਪ੍ਰਾਇਮਰੀ ਸਕੂਲ ਦਾ ਇੱਕ ਆਮ ਦਿਨ ਹੁੰਦਾ ਸੀ।

ਕੋਈ AC ਨਹੀਂ ਸੀ, ਕੋਈ ਵਾਟਰ ਕੂਲਰ ਨਹੀਂ ਸੀ। ਇੱਕ ਨਲਕਾ ਸੀ, ਪਰ ਕਈ ਵਾਰੀ ਨਾਲ ਵਗਦੇ ਖਾਲ ਚੋਂ ਪਾਣੀ ਪੀ ਕੇ ਵੀ ਸਾਰ ਲਈਦਾ ਸੀ। ਸਕੂਲ ਵਿੱਚ ਕਈ ਸ਼ੁਕੀਨ ਮਾਸਟਰ ਫੁੱਲ-ਬੂਟੇ ਵੀ ਲਵਉਂਦੇ ਸਨ; ਅਸੀਂ ਵਾਰੀ ਨਾਲ ਗੋਡੀ ਕਰਦੇ ਸੀ। ਇੱਕ ਚਪੜਾਸੀ ਵੀ ਸੀ ਜੋ ਮਾਲੀ ਦਾ ਕੰਮ ਵੀ ਕਰਦਾ ਸੀ, ਪਰ ਫੇਰ ਵੀ ਵਿਦਿਆਰਥੀ ਕਾਫੀ ਹੱਥ ਵਟਉਂਦੇ ਸਨ; ਖਾਸ ਕਰ ਵੱਡੀਆਂ ਜਮਾਤਾਂ ਦੇ। ਮਾਸਟਰਾਂ ਵਾਸਤੇ ਕੁਰਸੀਆਂ ਵੀ ਅਸੀਂ ਹੀ ਚਕਦੇ ਸੀ (ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ)। ਅੱਜ ਜੇ ਕਿਸੇ ਵਿਦਵਾਨ ਨੂੰ ਪੁੱਛੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀ ਸੁਧਾਰ ਚਾਹੀਦਾ ਹੈ ਤਾਂ ਘੜਿਆ-ਘੜਾਇਆ ਉੱਤਰ ਹੁੰਦਾ ਹੈ, “ਜੀ ਮੁਢਲੀਆਂ ਸੁਵਿਧਾਵਾਂ ਦੀ ਘਾਟ ਹੈ? (They lack basic infrastructure)”। ਮੈਂ ਮੰਨਦਾ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਸੁਧਾਰਾਂ ਦੀ ਲੋੜ ਹੈ। ਪਰ ਯਕੀਨ ਮੰਨਿਓ, ਇਹ ਜਿੰਨਾਂ ਨੂੰ ਮੁਢਲੀਆਂ ਸੁਵਿਧਾਵਾਂ ਕਹਿੰਦੇ ਨੇ ਉਹ ਪਹਿਲੀਆਂ 10 ਜਰੂਰੀ ਚੀਜਾਂ ਵਿੱਚ ਵੀ ਨਹੀਂ ਅਉਂਦੀਆਂ। ਸਕੂਲਾਂ ਵਿੱਚ ਸਿਰਫ ਸਾਫ ਵਾਤਾਵਰਨ ਅੱਤੇ ਖੁੱਲਾ ਮਹੌਲ ਹੋਣਾ ਜਰੂਰੀ ਹੈ। ਬੱਚੇ ਵੱਢਿਆਂ ਜਿੰਨੇ ਵਿਗੜੇ ਨਹੀਂ ਹੁੰਦੇ, ਇਸ ਲਈ ਉਹਨਾਂ ਦੀਆਂ ਮੁਢਲੀਆਂ ਸਹੂਲਤਾਂ AC ਕਮਰਿਆਂ ਵਿੱਚ ਬੈਠੇ ਸਮਾਜ ਸੇਵੀਆਂ ਦੇ ਮੁਕਾਬਲੇ ਕਾਫੀ ਸਰਲ ਹੁੰਦੀਆਂ ਹਨ। (ਮੈਨੂੰ ਯਾਦ ਹੈ ਕਿ ਮੇਰੇ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੇ ਸਟਾਫ-ਰੂਮ ਵਿੱਚ ਇੱਕ ਡੈਜ਼ਰਟ-ਕੂਲਰ ਹੁੰਦਾ ਸੀ। ਪਰ ਸਾਨੂੰ ਕਦੇ ਇਹ ਗੱਲ ੳਪਰੀ ਨਹੀਂ ਲੱਗੀ ਸੀ। ਕਦੇ-ਕਦੇ ਕਿਸੇ ਕੰਮ ਸਟਾਫ-ਰੂਮ ਚ’ ਜਾਂਦੇ ਸੀ ਤਾਂ ਠੰਡੀ-ਠੰਡੀ ਹਵਾ ਚ’ ਬੜਾ ਸਵਾਦ ਅਉਂਦਾ ਸੀ; ਪਰ ਫਿਰ ਉਵੇਂ ਹੀ ਖਿੜ-ਖਿੜ ਕਰਦਿਆਂ ਬਾਹਰ ਆ ਜਾਈਦਾ ਸੀ। ਭਲਾਂ ਦੱਸੋ ਗਰਮੀਂ ਚ ਸੰਘਣੇ ਰੁੱਖਾਂ ਥੱਲੇ ਬੈਠਣਾ ਕੀ ਮਾੜੈ! ਰੁੱਖ ਜਿੰਨੇ ਹੋ ਸਕਣ ਸਕੂਲਾਂ ਚ ਲਉਣੇ ਚਾਹੀਦੇ ਹਨ; ਪਰ ਮੈਂ ਸ਼ਰਤ ਲਾ ਸਕਦਾਂ ਕਿ ਇਹ ਕਿਸੇ ਵਿਦਵਾਨ ਦੀ ਮੁਡਲੀਆਂ ਸਹੂਲਤਾਂ ਦੀ ਸੂਚੀ ਵਿੱਚ ਨਹੀਂ ਅਉਂਦੇ।)

ਖੈਰ, ਮੈਂ ਆਪਣੇ ਸਕੂਲਾਂ ਬਾਰੇ ਕਿਤਾਬਾਂ ਲਿਖ ਸਕਦਾ ਹਾਂ। ਮੂਲ ਵਿਸ਼ੇ ਵੱਲ ਮੁੜਦਾ ਹਾਂ। ਮੈਨੂੰ ਮੇਰੇ ਪ੍ਰਾਇਮਰੀ ਸਕੂਲਾਂ ਵਿੱਚ ਕੀ-ਕੀ ਮਿਲਿਆ ਜਿਸ ਦੇ ਬਿਨਾਂ ਮੈਂ ਜਿੰਦਗੀ ਚ’ ਪਿੱਛੇ ਰਹਿ ਜਾਣਾਂ ਸੀ? ਅਤੇ ਕੀ-ਕੀ ਨਹੀਂ ਮਿਲਿਆ, ਜੋ ਕਿ ਮੈਨੂੰ ਅਤੇ ਮੇਰੇ ਸਮਾਜ ਨੂੰ ਹੋਰ ਵੀ ਵਧੀਆ ਮੌਕੇ ਦੇ ਸਕਦਾ ਸੀ? ਇਹਨਾਂ ਚੀਜਾਂ ਨੂੰ ਇੱਕ-ਇੱਕ ਕਰਕੇ ਲਿਖਦਾ ਹਾਂ। ਵਿਸਥਾਰ ਬਾਅਦ ਚ’ ਕਰਾਂਗਾ।

ਮੇਰੇ ਪ੍ਰਾਇਮਰੀ ਸਕੂਲ ਦੇ ਚੰਗੇ ਪਹਿਲੂ।

1. ਪੰਜਾਬੀ ਵਿੱਚ ਮੁਢਲੀ ਸਿੱਖਿਆ
2. ਖੁੱਲਾ-ਡੁੱਲਾ ਮਹੌਲ
3. ਮੁਕਾਬਲੇ ਦੀ ਭਾਵਨਾਂ ਦੀ ਅਣਹੋਂਦ
4. ਪਹਾੜੇ ਮੂੰਹ-ਜ਼ੁਬਾਨੀ ਯਾਦ ਕਰਨਾਂ (ਉਦੋਂ ਅਸੀਂ ਮੂੰ-ਜਵਾਨੀ ਕਹਿੰਦੇ ਸੀ; ਕੋਈ ਠੀਕ ਨਹੀਂ ਸੀ ਕਰਦਾ; ਚੰਗਾ ਸੀ)
5. ਰੋਟੀ-ਪਾਣੀ ਘਰ ਦਾ ਹੋਣਾ
6. ਦਿਨ ਦੇ ਸਮੇਂ ਅਨੁਸਾਰ ਕਲਾਸ-ਰੂਮ ਦਾ ਬਦਲਦਾ ਰਹਿਣਾ (ਕਦੇ ਅੰਦਰ – ਕਦੇ ਬਾਹਰ)
7. ਫੁਲ-ਬੂਟਿਆਂ ਦੀ ਦੇਖ-ਭਾਲ ਆਪ ਕਰਨਾ
8. ਲਗਭਗ ਅੱਧਾ ਸਮਾਂ ਬਿਨਾ ਅਧਿਆਪਕਾਂ ਦੇ ਆਪਣੇ ਜਮਾਤੀਆਂ ਨਾਲ ਬਿਤਉਣਾ

ਮੇਰੇ ਪ੍ਰਾਇਮਰੀ ਸਕੂਲ ਦੇ ਮਾੜੇ ਪਹਿਲੂ।

1. ਨੀਵੇਂ ਪੱਧਰ ਦੇ ਅਧਿਆਪਕ (ਬਹੁਤ ਹੀ ਮਾੜਾ ਹਾਲ ਹੈ, ਸੁਧਾਰਿਆ ਜਾਵੇ ਤਾਂ 50-60% ਮੁਸ਼ਕਲਾਂ ਦੂਰ ਹੋ ਜਾਣ)
2. ਪੜਾਈ ਦਾ ਰਸਹੀਣ ਵਿਸ਼ਾ-ਵਸਤੂ
3. ਰਸਮੀਂ ਖੇਡਾਂ ਦੇ ਸਮਾਨ ਅਤੇ ਸਹੂਲਤਾਂ ਦੀ ਘਾਟ
4. ਕਲਾ ਸਬੰਧੀ ਵਿਸ਼ਿਆਂ ਦੀ ਦੁਰਦਸ਼ਾ (ਚਿੱਤਰ-ਕਲਾ ਆਦਿ)
5. ਪੇਪਰਾਂ ਚ’ ਪਾਸ-ਫੇਲ ਦਾ ਚੱਕਰ (ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ, ਪਰ ਇਸ ਦੀ ਲੋੜ ਕੋਈ ਨੀ)

ਪਾਠਕ ਇਹ ਨਾਂ ਸੋਚਣ ਕਿ ਮੈਂ ਮਾੜੇ ਪਹਿਲੂ ਘੱਟ ਲਿਖੇ ਹਨ ਅਤੇ ਚੰਗੇ ਜ਼ਿਆਦਾ। ਜਦੋਂ ਗੱਲ 10ਵੀਂ, 12ਵੀਂ ਚੋਂ ਹੁੰਦੀ ਹੋਈ ਕਾਲਜਾਂ-ਯੂਨੀਵਰਸਟੀਆਂ ਤੱਕ ਅੱਪੜੂ ਤਾਂ ਚੰਗੇ ਪਹਿਲੂਆਂ ਦੀ ਗਿਣਤੀ ਪਹਿਲਾਂ ਘਟੂ ਅਤੇ ਫੇਰ ਪੂਰੀ ਤਰਾਂ ਖਤਮ ਹੀ ਹੋ ਜਾਊ। ਪਰ ਮਾੜੇ ਪਹਿਲੂਆਂ ਦੀ ਸੂਚੀ ਇੱਥੋਂ ਸ਼ੁਰੂ ਹੋ ਕਿ ਅੱਗੇ ਤੱਕ ਵਧਦੀ ਹੀ ਜਾਉ। ਮੈਂਨੂੰ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਨੂੰ ਕ੍ਰਾਂਤੀਕਾਰੀ ਬਦਲਾਓ ਦੀ ਲੋੜ ਹੈ। ਮੈਂ ਬਸ ਇਹ ਹੀ ਕੋਸ਼ਿਸ਼ ਕਰ ਰਿਹਾਂ ਕਿ ਅਸੀਂ ਇਸ ਬਦਲਾਓ ਦੀ ਹੋੜ ਵਿੱਚ ਕਿਤੇ ਚੰਗੀ ਸਿੱਖਿਆ ਦਾ ਅਧਾਰ ਹੀ ਨਾਂ ਖਤਮ ਕਰ ਬੈਠੀਏ (ਜੋ ਕਿ ਬੜੀ ਤੇਜੀ ਨਾਲ ਖਤਮ ਹੋ ਰਿਹਾ ਹੈ)

ਪਰ ਮੈਂ ਅਗਲਾ ਹਿੱਸਾ ਕਦੇ ਫੇਰ ਲਿਖਾਂਗਾ। ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ।