ਲੱਗਭੱਗ ਇੱਕ ਸਾਲ ਪਹਿਲਾਂ ਮੈਂ ਪੰਜਾਬ ਦੀ ਹਾਲਤ ਉੱਤੇ ਇੱਕ ਲੇਖ ਲਿਖਣ ਬੈਠਾ। ਪਰ ਜੋ ਲਿਖਿਆ ਉਸ ਨੇ ਪੰਜਾਬ ਦੀ ਐਨੀ ਭਿਆਨਤ ਤਸਵੀਰ ਪੇਸ਼ ਕੀਤੀ ਕਿ ਮੈਂ ਆਪ ਹੀ ਡਰ ਗਿਆ। ਮੈਂ ਇਸ ਨੂੰ ਕਿਸੇ ਦੋਸਤ-ਮਿੱਤਰ ਨਾਲ ਸਾਂਝਾ ਕਰਨ ਦੇ ਯੋਗ ਨਹੀਂ ਸਮਝਿਆ; ਮੈਂਨੂੰ ਸ਼ਰਮ ਅਤੇ ਹੱਕਤ ਮਹਿਸੂਸ ਹੋਈ। ਪਰ ਅੱਜ ਮੈਂ ਉਹ 2-3 ਪਹਿਰੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ (ਹੇਠਾਂ “ “ ਵਿੱਚ ਪਾੜ੍ਹੋ ਜੀ)।“… ਸ਼ੁਰੂ …”

… ਬਿਨਾ ਛੱਕ ਪਿਛਲੀ ਪੂਰੀ ਸਦੀ ਪੰਜਾਬੀਆਂ ਲਈ ਸੰਘਰਸ਼ਾਂ ਦੀ ਸਦੀ ਰਹੀ (ਖੈਰ ਕਈ ਸਦੀਆਂ ਤੋਂ ਇਹ ਹੀ ਕਹਾਣੀ ਹੈ!)। ਸਦੀ ਦੇ ਪਹਿਲੇ 47 ਸਾਲ ਤਾਂ ਕਿਸੇ ਵਿਸਥਾਰ ਦੇ ਮੁਥਾਜ ਨਹੀਂ; ਸਾਡੀ ਅਜ਼ਾਦੀ ਲਈ ਲੜਾਈ ਤੇ ਪਿੱਛੋਂ ਪਾਕਿਸਤਾਂਨ ਨਾਲ ਬਟਵਾਰੇ ਸਮੇਂ ਹੋਈਆਂ ਅਕਹਿ ਅਣਹੋਣੀਆਂ ਕਿਸੇ ਤੋਂ ਲੁਕਈਆਂ ਨਹੀਂ। ਪਰ ਅਜਾਦੀ ਤੋਂ ਬਾਅਦ ਵੀ ਪੰਜਾਬ ਚ’ ਕੋਈ ਜ਼ਿਆਦਾ ਉਸਾਰੂ ਮਹੌਲ ਨਹੀਂ ਰਿਹਾ। ਸੂਬਾ ਲਹਿਰ, ਨਕਸਲੀ ਲਹਿਰ ਅਤੇ 80ਵਿਆਂ ਦੀ ਖਾਲਿਸਤਾਨੀ ਲਹਿਰ ਨੇ ਪੰਜਾਬ ਦੇ ਲੋਕਾਂ ਦਾ ਸਾਹ-ਸਤ ਸੂਤ ਕੇ ਰੱਖ ਦਿੱਤਾ। ਉੱਤੋਂ ਕੇਂਦਰ ਨੇ ਪੰਜਾਬ ਨੂੰ ਪੁਚਕਾਰਿਆ ਨਹੀਂ, ਦੁਰਕਾਰਿਆ।

90ਵਿਆਂ ਵਿੱਚ Indian Economy ਦੇ ਖੁੱਲਣ ਕਾਰਨ ਭਾਰਤ ਦੇ ਚੋਣਵੇਂ ਸ਼ਹਿਰਾਂ ਤੇ ਸੂਬਿਆਂ ਦਾ ਤੇਜੀ ਨਾਲ ਵਿਕਾਸ ਹੋਇਆ। ਉਪਰ ਦੱਸੇ ਸੰਘਰਸ਼ਾਂ ਦੇ ਦੌਰ ਚ ਪੰਜਾਬ ਇਸ ਨਵੀਂ ਆਰਥਿਕ ਸਥਿਤੀ ਦਾ ਫਾਇਦਾ ਲੈਣ ਲਈ ਤਿਆਰ ਨਾ ਹੋ ਸਕਿਆ। ਮੌਕਾ ਖੁੰਜ ਗਿਆ। ਕੇਂਦਰ ਤੋਂ ਐਨਾਂ ਵੀ ਨਾਂ ਸਰਿਆ ਕਿ ਪੰਜਾਬ ਨੂੰ ਨਵੇਂ ਉਦਯੋਗ ਲਉਣ ਲਈ ਕੋਈ ਮਦਦ ਕਰਦਾ। ਖੈਰ ਕੇਂਦਰ ਤੋਂ ਸ਼ਾਇਦ ਇਹ ਉਮੀਦ ਕੀਤੀ ਵੀ ਨਹੀਂ ਜਾ ਸਕਦੀ. ਜਿੰਨਾਂ ਸੂਬਿਆਂ ਨੇ ਇਸ ਆਰਥਕ ਸਥਿਤੀ ਦਾ ਫਾਇਦਾ ਲਿਆ ਉਹ ਜਾਂ ਤਾਂ ਉੱਥੋਂ ਦੇ ਨਿੱਜੀ ਵਪਾਰੀ ਤਬਕੇ ਦੀ ਹਿੰਮਤ ਨਾਲ ਲਿਆ (ਗੁਜਰਾਤ, ਮਹਾਰਾਸ਼ਟਰ, ਕਰਨਾਟਕਾ), ਜਾਂ ਫਿਰ ਕੇਂਦਰ ਨਾਲ ਮਿੱਠੇ ਪਿਆਰੇ ਹੋ ਕੇ ਰਾਜ ਸਰਕਾਰਾਂ ਨੇ ਕਾਰੋਬਾਰਾਂ ਤੇ ਟੈਕਸ ਘੱਟ ਕਰਾਏ(ਹਿਮਾਚਲ ਪ੍ਰਦੇਸ਼)। ਇਥੋਂ ਤੱਕ ਕਿ ਬੰਗਾਲ ਚ ਕਾਮਰੇਡਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਇਸ ਮੌਕੇ ਦਾ ਪੰਜਾਬ ਨਾਲੋਂ ਚੰਗਾ ਫਾੲਦਾ ਲੈ ਗਏ। ਪਰ ਪੰਜਾਬ ਦੀ ਕਿਸੇ ਨੇਂ ਢੂਈ ਨੀ ਮਾਰੀ; ਨਾਂ ਬਿਗਾਨਿਆਂ ਨੇ ਤੇ ਨਾਂ ਹੀ ਆਪਣਿਆਂ ਨੇ।

ਲਗਭਗ ਇਹਨਾਂ ਹੀ ਦਹਾਕਿਆਂ ਵਿੱਚ ਪੰਜਾਬ ਦੀ ਹਰੀ ਕ੍ਰਾਂਤੀ ਦੇ ਭਿਆਨਕ ਨਤੀਜੇ ਸਾਹਮਣੇ ਅਉਣ ਲੱਗੇ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਕਰਜੇ ਦੇਣ ਲਈ ਦਰਵਾਜੇ ਖੋਲ ਦਿੱਤੇ। ਆਮ ਜਨਤਾ ਨੂੰ ਇਸ ਨਵੇਂ ਵਿਤੀ ਤਾਨੇ-ਬਾਨੇ ਨਾਲ ਰੁਬਰੂ ਕਰਵਉਣ ਲਈ ਕੋਈ ਸਿਖਲਾਈ ਜਾਂ ਸਮਾਂ ਨਾਂ ਦਿੱਤਾ ਗਿਆ। ਕਿਸੇ ਨੇਤਾ ਨੇ ਸਬਰ ਤੇ ਅਕਲ ਤੋਂ ਕੰਮ ਲੈਣ ਦਾ ਹੋਕਾ ਨਾਂ ਦਿੱਤਾ। ਲੋਕਾਂ ਨੇ ਧੜਾ-ਧੜੀ ਆਪਣਾਂ ਵਾਲ-ਵਾਲ ਕਰਜੇ ਵਿੱਚ ਪਰੋ ਛੱਡਿਆ। ਕਰਜੇ ਤੇ ਲਿਆ ਗਿਆ ਬਹੁਤਾ ਪੈਸਾ ਤਾਂ ਖੇਤੀ ਜਾਂ ਕਾਰੋਬਾਰ ਚ ਲਾਇਆ ਹੀ ਨਹੀਂ ਗਿਆ, ਜੋ ਲਾਇਆ ਗਿਆ ਉਹ ਛੋਟੀ ਕਿਸਾਨੀਂ ਲਈ ਤੇ ਪੰਜਾਬ ਦੇ ਭਵਿੱਖ ਲਈ ਘਾਤਕ ਹੋ ਨਿੱਬੜਿਆ। ਕਰਜਿਆਂ ਤੇ ਲਾਏ ਟਿਉਬਵੈਲਾਂ ਨੇਂ ਐਨੀਂ ਉਪਜ ਨਹੀਂ ਵਧਾਈ ਕਿ ਕਰਜਾ ਮੋੜ ਕੇ ਕਿਸਾਨ ਦੇ ਪੱਲੇ ਕੁੱਝ ਪੈਂਦਾ; ਸਗੋਂ ਲੱਖਾਂ ਟਿਉਬਵੈਲ ਮਿਲ ਕੇ ਪੰਜਾਬ ਦੀ ਜਿਵੇਂ ਰੂਹ ਹੀ ਪੀ ਗਏ।

ਪਾਣੀਆਂ ਦੇ ਤਲ ਦਿਨੋਂ-ਦਿਨ ਡਿਗਦੇ ਗਏ, ਕਿਸਾਨੀ ਸਿਰ ਕਰਜੇ ਚੜਦੇ ਗਏ, ਨਿੱਤ ਦਿਨ ਕਿਸਾਨ ਆਤਮ ਹੱਤਿਆਵਾਂ ਕਰਨ ਲੱਗੇ। ਪਰ ਨਿੱਤ ਨਵੇਂ ਸੰਘਰਸ਼ ਦੇ ਸਿਆਪਿਆਂ ਤੋਂ ਅੱਕੇ ਪੰਜਾਬੀਆਂ ਨੇ ਆਪਣੇ ਹੀ ਭਰਾਵਾਂ ਤੋਂ; ਆਪਣੇ ਆਪ ਤੋਂ ਦੜ ਵੱਟ ਲਈ। ਪੰਜਾਬ ਚੁੱਪ ਚਾਪ ਦੇਖਦਾ ਰਿਹਾ। ਕਿਸਾਣ ਮਰਦੇ ਰਹੇ, ਪੰਜਾਬ ਦੇ ਛੋਟੇ ਮੋਟੇ ਕਾਰੋਬਾਰ ਗਵਾਂਡੀ ਰਾਜਾਂ ਵਿੱਚ ਜਾਂਦੇ ਰਹੇ, ਸਰਕਾਰੀ ਮੁਲਾਜਮ ਚੌਕਾਂ-ਸੜਕਾਂ ਤੇ ਬੈਠੇ ਪੁਲਸ ਦੇ ਠੁੱਡੇ ਖਾਂਦੇ ਰਹੇ। ਪਰ ਅਖਬਾਰਾਂ ਦੀਆਂ ਸੁਰਖੀਆਂ ਡੇਰਿਆਂ-ਗੁਰਦਵਾਰਿਆਂ ਦੇ ਕਲੇਸ਼ਾਂ ਨੇ ਮੱਲੀ ਰੱਖੀਆਂ, ਸੰਪਾਦਕੀ ਸਿਆਸੀ ਪਰਿਵਾਰਾਂ ਦੀਆਂ ਕਿਸਮਤਾਂ ਦੀਆਂ ਕਿਆਸ ਅਰਾਈਆਂ ਕਰਦੇ ਰਹੇ ਅਤੇ ਗਰਭ ਚ ਮਰਦੀਆਂ ਕੁੜੀਆਂ ਨੂੰ ਤਾਂ ਪਿਛਲੇ ਪੰਨਿਆਂ ਤੇ ਵੀ ਥਾਂ ਨਸੀਬ ਨਾਂ ਹੋਈ।

ਇਹ ਸਾਰੀਆਂ ਨਿਸ਼ਾਨੀਆਂ ਕਿਸੇ ਮਰ ਰਹੇ ਸਮਾਜ ਦੀਆਂ ਹੀ ਹੋ ਸਕਦੀਆਂ ਨੇ। ਜਾਂ ਫਿਰ ਇਹ ਨਿਸ਼ਾਨੀਆਂ ਉਸ ਸਮਾਜ ਦੀਆਂ ਹੋ ਸਕਦੀਆਂ ਹਨ ਜੋ ਆਪਣੇ-ਆਪ ਨੂੰ ਬੀਤੇ ਦੀਆਂ ਗਲਤੀਆਂ ਦੀ ਸਜ਼ਾ ਦੇਣਾ ਚਹੁੰਦਾ ਹੋਵੇ; ਜੋ ਆਪਣੇ ਲਹੂ ਦਾ ਤਿਉਂਕਾ- ਤਿਉਂਕਾ ਨਿਚੋੜ ਕੇ ਆਪਣੇ ਪੁਰਾਣੇ ਕਰਮਾਂ ਦਾ ਪ੍ਰਾਸ਼ਚਤ ਕਰਨਾਂ ਚਹੁੰਦਾ ਹੋਵੇ।

“… ਖ਼ਤਮ …”

ਪਰ ਅੱਜ ਮੈਂ ਇਹ ਲੇਖ ਇਸ ਲਈ ਸਾਂਝਾ ਕੀਤਾ ਹੈ ਕਿਉਂਕੇ ਹੁਣ ਮੈਂ ਇਸ ਸਥਿਤੀ ਤੋਂ ਡਰਦਾ ਨਹੀਂ ਹਾਂ। ਹੁਣ ਮੈਨੂੰ ਪੰਜਾਬ ਦੇ ਭਵਿੱਖ ਲਈ ਇੱਕ ਆਸ ਦੀ ਕਿਰਨ ਦਿਸੀ ਹੈ। ਉਹ ਕਿਰਨ ਪੀਪਲਜ਼ ਪਾਰਟੀ ਆਫ਼ ਪੰਜਾਬ (PPP) ਅਤੇ ਉਸ ਦੇ ਆਗੂ ਸ: ਮਨਪ੍ਰੀਤ ਸਿੰਘ ਬਾਦਲ ਹਨ। ਪੰਜਾਬ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਪੈ ਸਕਦੈ। ਸ਼ਰਤ ਇਹ ਹੈ ਕਿ ਅਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਆਪਣੀਆਂ ਵੋਟਾਂ ਸੋਚ ਸਮਝ ਕੇ ਪਾਈਏ।