ਮੈਂ ਅਸਹਿ ਸ਼ਬਦ ਦਾ ਇਸਤਮਾਲ ਕੀਤਾ ਹੈ; ਇਸ ਲਈ ਨਹੀਂ ਕਿ ਮੈਂ ਅਮ੍ਰਿਤ ਧਾਰੀ ਹਾਂ ਅਤੇ ਧਰਮਚਾਰੇ ਦੇ ਕਿਸੇ ਬਰੀਕ ਨੁਕਤੇ ਦੀ ਉਲੰਘਨਾ ਨੇ ਮੈਂਨੂੰ ਪਰੇਸ਼ਾਨ ਕੀਤਾ ਹੈ। ਬਲਕਿ ਮੈਂ ਤਾਂ ਕਈ ਸਾਲਾਂ ਤੋਂ ਮੋਨਾ ਹਾਂ ਅਤੇ ਸਿੱਖੀ ਦੀ ਕਿਸੇ ਵੀ ਪਰਿਭਾਸ਼ਾ ਤਹਿਤ ਸੱਚਾ ਸਿੱਖ ਨਹੀਂ ਕਹਾ ਸਕਦਾ। ਫੇਰ ਵੀ ਗੁਰਦਵਾਰਿਆਂ ਵਿੱਚ ਅੱਜ-ਕੱਲ ਜੋ ਕੁੱਝ ਚੱਲ ਰਿਹਾ ਹੈ ਉਸ ਨਾਲ ਮੇਰੇ ਜਿਹੇ ਗੈਰ-ਸਿੱਖ ਬੰਦੇ ਦਾ ਵੀ ਦਿਲ ਉਦਾਸੀ ਨਾਲ ਭਰ ਗਿਆ ਹੈ। ਮੈਂ ਨਾਨਕ ਤੋਂ ਲੈ ਕੇ ਗੋਬਿੰਦ ਤੱਕ ਸਾਰਿਆਂ ਨੂੰ ਆਪਣੇ ਸਤਿਕਾਰ ਯੋਗ ਵੱਡੇ-ਵਡੇਰਿਆਂ ਦਾ ਦਰਜਾ ਦਿੰਦਾ ਹਾਂ। ਇਸੇ ਲਈ ਉਹਨਾਂ ਦੀ ਮੂਲ ਸਿੱਖਿਆ ਦਾ ਘਾਣ ਹੁੰਦਾ ਦੇਖ ਕੇ ਦਿਲ ਵਲੂੰਦਰਿਆ ਜਾਂਦਾ ਹੈ।

ਮੈਂ ਇਹ ਵੀ ਸਾਫ ਕਰ ਦੇਵਾਂ ਕਿ ਮੈਂ ਕਿਸੇ ਖਾਸ ਬੰਦੇ ਦੇ ਗੈਰ-ਸਿੱਖੀ ਕੰਮਾਂ ਦੀ ਗੱਲ ਨਹੀਂ ਕਰ ਰਿਹਾ (ਜਿਵੇਂ ਕਿ ਮੱਕੜ ਦਾ ਅਮ੍ਰਿਤ ਧਾਰੀ ਬੰਦਿਆਂ ਤੋਂ ਪੈਰਾਂ ਚ ਜੁੱਤੀਆਂ ਪਵਉਣਾ ਜਾਂ ਸ਼ਰੇਆਮ ਫੋਨ ਤੇ ਲੋਕਾਂ ਨੂੰ ਗਾਲਾਂ ਕੱਢਣਾ ਅਤੇ ਉਹਨਾਂ ਦੀ ਜਾਤ-ਕਜਾਤ ਪਰਖਣਾ)। ਬੰਦਿਆਂ ਦੇ ਐਬ ਤਾਂ ਛੇਤੀ ਹੀ ਠੀਕ ਕੀਤੇ ਜਾ ਸਕਦੇ ਨੇ। ਮੈਂ ਜੋ ਗੱਲ ਕਰਨੀ ਚਹੁੰਦਾ ਹਾਂ ਉਹ ਸਿੱਖੀ ਵਿੱਚ ਆ ਰਹੇ ਬੁਨਿਆਦੀ (ਅਤੇ ਗ਼ਲਤ) ਬਦਲਾ ਬਾਰੇ ਹੈ।

ਇਸ ਲੇਖ ਵਿਚ ਮੈਂ ਤੁਹਾਡਾ ਧਿਆਨ ਖਿੱਚਣਾ ਦੋ ਮੁੱਦਿਆਂ ਵੱਲ ਖਿਚਣਾ ਚਹੁੰਦਾ ਹਾਂ। ਇੱਕ-ਇੱਕ ਕਰ ਕੇ ਵਿਸਥਾਰ ਵਿੱਚ ਜਾਂਦਾ ਹਾਂ।

ਗੁਰਦਵਾਰੇ ਬਣੇ ਮੁਨਿਆਦੀ ਕੇਂਦਰ: ਅੱਜ-ਕੱਲ ਪਿੰਡਾਂ ਦੇ ਗੁਰਦਵਾਰਿਆਂ ਚ ਬੜਾ ਸ਼ਰਮਨਾਕ ਰੁਝਾਨ ਚੱਲਿਆ ਹੋਇਆ ਹੈ। ਪੈਸੇ ਲੈ ਕੇ ਕਿਸੇ ਵੀ ਵਿਕਣ ਵਾਲੀ ਚੀਜ਼ ਦੀ ਮੁਨਿਆਦੀ ਕਰਨ ਦਾ। ਜੇ ਪਿੰਡ ਵਿੱਚ ਮਿਠਿਆਈ ਦੀ ਕੋਈ ਨਵੀਂ ਦੁਕਾਨ ਖੁੱਲੀ ਹੋਵੇ ਜਾਂ ਕਿਰਿਆਨੇ ਦੀ ਦੁਕਾਨ ਤੇ ਕੋਈ ਸੇਲ ਲੱਗੀ ਹੋਵੇ ਤਾਂ ਇਸ ਦਾ ਇਸ਼ਤਿਹਾਰ ਗੁਰਦਵਾਰਿਆਂ ਦੇ ਸਪੀਕਰਾਂ ਤੋਂ ਆਮ ਸੁਣਿਆ ਜਾ ਸਕਦਾ ਹੈ। ਇੱਕ ਹੋਕਾ ਲਵਉਣ ਦੇ 10 ਕ ਰੁਪਏ ਲਗਦੇ ਹਨ।

ਇੱਕ ਸਮਾਂ ਸੀ ਜਦੋਂ ਗੁਰਦਵਾਰਿਆਂ ਵਿੱਚ ਲੱਗੇ ਸਪੀਕਰਾਂ ਤੋਂ ਪਿੰਡ ਦੇ ਸਾਂਝੇ ਕੰਮਾਂ-ਕਾਰਾਂ ਲਈ ਹੋਕੇ ਦਿੱਤੇ ਜਾਂਦੇ ਸਨ। ਵਿਆਹ-ਸ਼ਾਦੀਆਂ ਆਦਿ ਪਿੰਡਾਂ ਵਿੱਚ ਸਾਂਝੇ ਮੰਨੇ ਜਾਂਦਾ ਸਨ ਇਸ ਲਈ ਸ਼ਗਨ-ਵਿਹਾਰ ਵਾਲੇ ਘਰੇ ਦੁੱਧ ਇਕੱਠਾ ਕਰਨ ਦਾ ਹੋਕਾ ਆਮ ਵਜਾਇਆ ਜਾਂਦਾ ਸੀ। ਮੈਨੂੰ ਪੋਲੀਓ ਦੀ ਦਵਾਈ ਲਈ ਦਿੱਤਾ ਹੋਕਾ ਵੀ ਯਾਦ ਅਉਂਦਾ ਹੈ, ਛੱਪੜ ਚੋਂ ਮਿੱਟੀ ਕੱਢਣ ਦਾ ਵੀ, ਸਕੂਲ ਦੀ ਇਮਾਰਤ ਲਈ ਕਾਰ ਸੇਵਾ ਦਾ ਵੀ। ਇਹ ਸਾਰੇ ਕੰਮ ਪੰਡ ਦੇ ਸਾਂਝੇ ਕੰਮ ਸਨ। ਕਿਸੇ ਨੂੰ ਹੋਕਾ ਦਵਉਣ ਲਈ ਸਿਫਾਰਿਸ਼ ਦੀ ਜਾਂ ਮਾਇਆ ਭੇਂਟ ਕਰਨ ਦੀ ਲੋੜ ਨਹੀਂ ਸੀ ਹੁੰਦੀ।

ਪਹਿਲਾਂ ਤਾਂ ਗੁਰਦਵਾਰਿਆਂ ਨੂੰ ਮੁਨਿਆਦੀ ਦੇ ਕੇਂਦਰ ਬਨਉਣਾ ਆਪਣੇ ਆਪ ਵਿੱਚ ਹੀ ਬਹੁਤ ਘਟੀਆ ਗੱਲ ਹੈ। ਪਰ ਮੁਕਤਸਰ ਜਿਲ੍ਹੇ ਦੇ ਪਿੰਡ ‘ਚੌਂਤਰਾ’ ਵਿਖੇ ਤਾਂ ਗੁਰਦਵਾਰੇ ਵਾਲੇ ਭਾਈ ਸਾਹਬ ਨੇ 10 ਰੁਪਏ ਲੈ ਕੇ ਨਾਈ ਦੀ ਦੁਕਾਨ ਦਾ ਹੀ ਇਸ਼ਤਿਹਾਰ ਦੇ ਦਿੱਤਾ! ਹੋਕਾ ਇਹ ਦਿੱਤਾ ਗਿਆ, “ਵਹਿਗੂਰੂ ਜੀ ਕਾ ਖਾਲਸਾ। ਵਾਹੇਗੁਰੂ ਜੀ ਕੀ ਫਤਹਿ। ਪਿੰਡ ਵਿੱਚ ਨਾਈ ਦੀ ਨਵੀਂ ਦੁਕਾਨ ਖੁਲ ਚੁੱਕੀ ਹੈ। ਜਿਸ ਮਾਈ ਭਾਈ ਨੂੰ ਵਾਲ ਕਟਵਉਣ ਦੀ ਸੇਵਾ ਚਾਹੀਦੀ ਹੋਵੇ ਉਹ ਦੁਕਾਨ ਤੇ ਜਾ ਸਕਦਾ ਹੈ! ਵਹਿਗੂਰੂ ਜੀ ਕਾ ਖਾਲਸਾ। ਵਾਹੇਗੁਰੂ ਜੀ ਕੀ ਫਤਹਿ”। ਹਾਲਾਂਕਿ ਬਾਅਦ ਵਿੱਚ ਪਾਠੀ ਨੇ ਅਣਗਹਿਲੀ ਲਈ ਮੁਆਫ਼ੀ ਮੰਗੀ, ਪਰ ਗੱਲ ਇਹ ਹੈ ਕਿ 10 ਰੁਪਏ ਦਾ ਨੋਟ ਵੀ ਇਹਨਾਂ ਪੁਜਾਰੀਆਂ-ਪਾਠੀਆਂ ਨੂੰ ਸਹੀ-ਗ਼ਲਤ ਵਿੱਚ ਫਰਕ ਭੁਲਾ ਸਕਦਾ ਹੈ।

ਅੱਜ ਜਦੋਂ 10 ਰੁਪਏ ਦੇ ਕੇ ਕੋਈ ਵੀ ਮਲਿਕ ਭਾਗੋ ਕਿਸੇ ਵੀ ਗੁਰਦਵਾਰੇ ਤੋਂ ਆਪਣਾ ਪਰਚਾਰ ਕਰਵਾ ਸਕਦਾ ਹੈ ਜਦਕਿ ਭਾਈ ਲਾਲੋਆਂ ਦਾ ਜਿਕਰ ਕੇਵਲ ਕਥਾਵਾਂ ਤੱਕ ਹੀ ਸੀਮਤ ਰਹਿ ਗਿਆ ਹੈ।

ਗੁਰਦਵਾਰਿਆਂ ਵਿੱਚ ਜਾਤ-ਪਾਤ ਦਾ ਬੋਲ-ਬਾਲਾ: ਬਠਿੰਡੇ ਤੋਂ 10 ਕਿਲੋਮੀਟਰ ਤੇ ਪੈਂਦੇ ਮੇਰੇ ਪਿੰਡ ‘ਬਹਿਮਣ ਦਿਵਾਨਾ’ ਵਿੱਚ ਬੜੇ ਚਿਰਾਂ ਤੋਂ ਇੱਕ ਹੀ ਗੁਰਦਵਾਰਾ ਸੀ। ਅੱਜ ਮੇਰੇ ਪਿੰਡ ਵਿੱਚ ਦੋ ਗੁਰਦਵਾਰੇ ਹਨ। ਇੱਕ ਜੱਟਾਂ-ਜ਼ਿਮੀਂਦਾਰਾਂ ਦਾ ਅਤੇ ਦੂਜਾ ਮਜਹਬੀਆਂ-ਹਰੀਜਨਾਂ ਆਦਿ ਦਾ। (ਇਹ ਸ਼ਬਦ ਮੈਂ ਨਹੀਂ ਕਹਿ ਰਿਹਾ, ਪਿੰਡ ਵਿੱਚ ਆਮ ਵਰਤੇ ਜਾਂਦੇ ਹਨ। ਨਵੇਂ ਗੁਰਦਵਾਰੇ ਨੂੰ ਮਜਹਬੀਆਂ ਦਾ ਗੁਰਦਵਾਰਾ ਹੀ ਕਿਹਾ ਜਾਂਦਾ ਹੈ ਅਤੇ ਨਾਲ ਲਗਦੀ ਧਰਮਸ਼ਾਲਾ ਨੂੰ ਮਜਹਬੀਆਂ ਦੀ ਧਰਮਸ਼ਾਲਾ। ਇਹ ਸ਼ਬਦ ਮੈਂ ਗੁਰਦਵਾਰੇ ਦੇ ਸਪੀਕਰ ਤੋਂ ਆਪ ਸੁਣੇ ਹਨ)। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਹੈ ਕਿ ਦੂਜਾ ਗੁਰਦਵਾਰਾ ਬਣਾਉਣ ਲਈ ਜੱਟ-ਜ਼ਿਮੀਂਦਾਰਾਂ ਨੇ ਜ਼ਮੀਨ ਦਾਨ ਚ ਦਿੱਤੀ ਹਰੀਜਨਾਂ ਨੂੰ।

ਕੀ ਅਜਿਹੀਆਂ ਗੱਲਾਂ ਨੂੰ ਵੇਖ ਕੇ ਕਿਸੇ ਵੀ ਸਿੱਖ ਜਾਂ ਗੈਰ-ਸਿੱਖ ਪੰਜਾਬੀ ਦਾ ਖੂਨ ਨਹੀਂ ਖੌਲਣਾ ਚਾਹੀਦਾ? ਇਹ ਕੀ ਕੰਮ ਕਰ ਰਹੇ ਹਾਂ ਅਸੀਂ? ਕੀ ਇਹ 21ਵੀਂ ਸਦੀ ਦਾ ਪੰਜਾਬ ਹੈ? ਪਹਿਲੇ ਪੰਜ ਪਿਆਰਿਆਂ ਦੇ ਵਾਰਸਾਂ ਦੇ ਗੁਰਦਵਾਰੇ ਅੱਡ ਕਰ ਕੇ ਅਸੀਂ ਕਿਹੜੀ ਸਿੱਖੀ ਦੀ ਗੱਲ ਕਰ ਰਹੇ ਹਾਂ? ਚਾਲੀ ਮੁਕਤਿਆਂ ਤੋਂ ਕਿਸੇ ਨੇ ਕੀ ਸਿੱਖਿਆ? ਪੰਜਾਬ  ਧਰਤੀ ਨੂੰ ਸਦੀਆਂ ਤੋਂ ਚੱਲੀ ਆ ਰਹੀ ਜਾਤ-ਕੁਜਾਤ ਦੀ ਰੀਤ ਨੂੰ ਵੰਗਾਰਨ ਦਾ ਮਾਣ ਹਾਸਲ ਹੈ।

ਨਾਨਕ ਜਿਹੇ ਸਾਡੇ ਸਮਝਦਾਰ ਵਡੇਰਿਆਂ ਨੇ ਅਜਿਹੀਆਂ ਗੈਰ-ਇਨਸਾਨੀ ਰੀਤਾਂ –ਰਿਵਾਜਾਂ ਅਤੇ ਵਿਤਕਰਿਆਂ ਨੂੰ ਸ਼ਰੇਆਮ ਭੰਡਿਆ ਹੈ। ਕੀ ਇਹ ਸਹੀ ਹੈ ਕੇ ਹੁਣ ਗੁਰਦਵਾਰੇ ਹੀ ਜਾਤ-ਪਾਤ ਜਿਹੀਆਂ ਕੁਰੀਤੀਆਂ ਦੇ ਚਿੰਨ ਬਣ ਜਾਣ?