ਜਿੰਨਾਂ ਡੇਰਿਆਂ ਤੇ ਅਖੌਤੀ ਬਾਬਿਆਂ ਨੇਂ ਪੰਜਾਬ ਦਾ ਧਾਰਮਕ ਤੌਰ ਤੇ ਨੁਕਸਾਨ ਕੀਤਾ ਹੈ ਉਸ ਤੋਂ ਕਿਤੇ ਵੱਧ ਸੰਗਤ ਦਰਸ਼ਨਾਂ ਨੇਂ ਪੰਜਾਬ ਨੂੰ ਸਮਾਜਕ ਤੌਰ ਤੇ ਪੁੱਠੇ ਪੈਰੀਂ ਤੋਰਿਆ ਹੈ। ਸੰਗਤ ਦਰਸ਼ਨ ਪੰਜਾਬ ਦੇ ਲੋਕਾਂ ਅਤੇ ਇਸ ਦੀ ਜਮਹੂਰੀਅਤ ਨਾਲ ਇੱਕ ਕੋਝਾ ਮਜਾਕ ਹੈ। ਇਹ ਲੋਕਾਂ ਦੇ ਆਤਮ-ਸੰਮਾਨ ਤੇ ਲੱਗਿਆ ਹੋਇਆ ਉਹ ਕਲੰਕ ਹੈ ਜੋ ਉਹਨਾਂ ਨੂੰ ਜਮਹੂਰੀਅਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਮੰਗਤਿਆਂ ਦੀ ਤਰਾਂ ਕਤਾਰਾਂ ਵਿੱਚ ਖੜ੍ਹਨ ਲਈ ਮਜਬੂਰ ਕਰਦਾ ਹੈ ਅਤੇ ਸਮਾਜ ਦੀ ਸੇਵਾ ਲਈ ਚੁਣੇ ਗਏ ਨੁਮਾਇੰਦੇਆਂ ਨੂੰ ਮਸਿਹਾ ਬਣਾ ਕੇ ਉਹਨਾਂ ਦੇ ਸਿਰ ਤੇ ਬਿਠਉਂਦਾ ਹੈ। ਸਰਲ ਸ਼ਬਦਾਂ ਵਿੱਚ ਇਹ ਲੋਕਾਂ ਦੇ ਹੱਕ ਲੋਕਾਂ ਨੂੰ ਹੀ ਤਰਸਾ-ਤਰਸਾ ਕੇ ਦੇਣ ਦਾ ਇੱਕ ਸਿਆਸੀ ਤਮਾਸ਼ਾ ਹੈ। ਉੱਤੋਂ ਮੀਡੀਆ ਨੇ ਇਸ ਘਟੀਆ ਪ੍ਰਾਪੇਗੰਡੇ ਨੂੰ ਲਗਾਤਾਰ ਅਖਬਾਰਾਂ ਦੇ ਪਹਿਲੇ ਪੰਨਿਆਂ ਦਾ ਸਿੰਗਾਰ ਬਣਾ ਕੇ ਬਹੁਤ ਹੀ ਗੈਰ-ਜ਼ਿੰਮੇਦਾਰਾਨਾਂ ਕੰਮ ਕੀਤਾ ਹੈ। ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੰਗਤ ਦਰਸ਼ਨਾਂ ਦਾ ਇਹ ਰੁਝਾਨ ਮੌਜੂਦਾ ਰਾਜਨੀਤਕ ਦੌਰ ਦੇ ਨਿਘਾਰ ਦਾ ਬੜਾ ਵਾਜਬ ਪ੍ਰਤੀਕ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਸੰਗਤ ਦਰਸ਼ਨ ਜਿਹਾ ਲੋਕਰਾਜ ਵਿਰੋਧੀ ਪ੍ਰੋਗਰਾਂਮ ਅਜੋਕੇ ਸਮੇਂ ਦੇ ਮੰਨੇ-ਪ੍ਰਮੰਨੇ ਸਿਆਸੀ ਸ਼ਾਤਿਰ ਦਿਮਾਗ ਦੀ ਹੀ ਪੈਦਾਇਸ਼ ਹੈ।

ਇੱਕ ਆਮ ਪੰਜਾਬੀ ਇਹ ਪੁੱਛਣ ਦਾ ਹੱਕ ਰਖਦੈ ਬਈ ਆਖਰ ਸੰਗਤ ਦਰਸ਼ਨ ਚ ਗਲਤ ਕੀ ਹੈ? ਆਖਰ ਲੋਕਾਂ ਦੁਆਰਾ ਚੁਣਿਆਂ ਹੋਇਆ ਨੁਮਾਇੰਦਾ ਲੋਕਾਂ ਚ ਆ ਕੇ ਬੈਠਦੈ, ਲੋਕਾਂ ਦੇ ਦਰਸ਼ਨ ਕਰਦੈ, ਉਹਨਾਂ ਦੀਆਂ ਮੁਸੀਬਤਾਂ ਸੁਣਦੈ ਅਤੇ ਮੌਕੇ ਤੇ ਇਨਸਾਫ/ਮਦਦ ਕਰਦੈ। ਇਸ ਵਿੱਚ ਲੋਕਾਂ ਦਾ ਤਾਂ ਫਾਇਦਾ ਹੀ ਹੈ! ਕਾਂਗਰਸੀਆਂ ਨਾਲੋਂ ਤਾਂ ਚੰਗਾ ਹੀ ਹੈ ਜਿੰਨਾਂ ਦੇ ਰਾਜ ਵੇਲੇ ਲੋਕ ਮੰਤਰੀਆਂ ਦਾ ਮੂੰਹ ਵੇਖਣ ਨੂੰ ਵੀ ਤਰਸਦੇ ਨੇਂ। ਆਖਰ ਸੰਗਤ ਦਰਸ਼ਨ ਵਿੱਚ ਗਲਤ ਕੀ ਹੈ? ਇਹ ਸਵਾਲ ਵਾਜਿਬ ਨੇ ਅਤੇ ਇਹਨਾਂ ਜਵਾਬ ਦੇਣਾ ਲਾਜ਼ਮੀ ਹੈ।

ਸੰਗਤ ਦਰਸ਼ਨਾਂ ਦਾ ਸਭ ਤੋਂ ਮਾੜਾ ਅਸਰ ਤਾਂ ਇਹ ਹੈ ਕਿ ਇਸ ਵਾਸਤੇ ਮੁੱਖ ਮੰਤਰੀ ਇਕੱਲਾ ਨਹੀਂ ਪਹੁੰਚਦਾ ਬਲਕਿ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਦੀ ਮੇੜ ਲੈ ਕੇ ਨਿੱਕਲਦਾ ਹੈ। ਦਫਤਰਾਂ ਵਿੱਚ ਕੰਮ ਕਰਉਣ ਲਈ ਪਹੁੰਚੇ ਲੋਕ ਤੜਕੇ-ਆਥਣੇ ਠਿੱਠ ਹੁੰਦੇ ਨੇ। ਜ਼ਿਆਦਾ ਜਰੂਰੀ ਕੰਮਾਂ ਵਾਲੇ ਵਿਚਾਰੇ ਪਿੰਡ-ਪਿੰਡ ਪਾਗਲਾਂ ਦੀ ਤਰਾਂ ਸੰਗਤ ਦਰਸ਼ਨ ਵਾਲੇ ਟੋਲੇ ਮਗਰ ਤੇਲ ਫੂਕਦੇ ਫਿਰਦੇ ਹਨ। ਕੰਮ ਫੇਰ ਵੀ ਨਹੀਂ ਹੁੰਦਾ। ਨਾਲੇ ਪਿੰਡ-ਪਿੰਡ ਪਹੁੰਚ ਕੇ ਇਹ ਕਰਮਚਾਰੀ ਆਥਣ ਤੱਕ ਕਿੰਨਾਂ ਕ ਕੰਮ ਕਰ ਸਕਦੇ ਹਨ? ਬਹੁਤਾ ਸਮਾਂ ਤਾਂ ਡਾਂਗਲੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਂਣ ਤੇ ਹੀ ਲੱਗ ਜਾਂਦਾ ਹੈ; ਰਹਿੰਦਾ-ਖੁੰਦਾ ਆਉ ਭਗਤ ਤੇ! ਉੱਤੋਂ ਮੁੱਖ ਮੰਤਰੀ 15-20 ਸਕਿਉਰਟੀ ਗਾਰਡਾਂ
ਦਾ ਵੱਗ ਨਾਲ ਲੈ ਕੇ ਤੁਰਦਾ ਹੈ ਜਿਵੇਂ ਕਿਸੇ ਜੰਗ ਤੇ ਚੱਲਿਆ ਹੋਵੇ। ਇਹ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਨਹੀਂ ਤਾਂ ਹੋਰ ਕੀ ਹੈ? ਦਿਨ ਦਿਹਾੜੇ ਸਭ ਦੇ ਅੱਖੀਂ ਘੱਟਾ ਹੈ। ਇਹਨਾਂ ਦਰਸ਼ਨਾਂ ਦਾ ਅਸਲੀ ਮਕਸਦ ਸਿਰਫ਼ ਸਰਕਾਰੀ ਖਰਚੇ ਤੇ ਆਪਣੇ ਵੋਟ ਬੈਂਕ ਪੱਕੇ ਕਰਨਾਂ ਹੈ। ਨਾਲ ਹੀ ਨੇਤਾ ਭੋਲੇ-ਭਾਲੇ ਨਾਗਰਿਕਾਂ ਨੂੰ ਉਹਨਾਂ ਦੇ ਹੀ ਖੂਨ ਪਸੀਨੇਂ ਦੀ ਕਮਾਈ ਭੀਖ ਵਿੱਚ ਦੇ ਕੇ ਉਹਨਾਂ ਸਿਰ ਅਹਿਸਾਨ ਕਰਦੇ ਹਨ। ਕੋਈ ਪੁੱਛਣ ਵਾਲਾ ਹੋਵੇ ਬਈ ਜੇ ਪਿੰਡ-ਪਿੰਡ ਜਾ ਕੇ ਕੰਮ ਕਰਨਾਂ ਸਟੇਟ ਲਈ ਜ਼ਿਆਦਾ ਫਾਇਦੇਮੰਦ ਹੈ ਤਾਂ ਫਿਰ ਸਰਕਾਰੀ ਬਿਲਡਿੰਗਾਂ ਵੇਚ ਕੇ ਸਾਰੇ ਅਫਸਰਾਂ ਨੂੰ ਗੱਡੀਆਂ ਕਿਉਂ ਨਹੀਂ ਲੈ ਦਿੰਦੇ? ਡਾਕਟਰਾਂ, ਮਾਸਟਰਾਂ ਨੂੰ ਗੱਡੀਆਂ ਨਹੀਂ ਤਾਂ ਸਾਇਕਲ-ਸਕੂਟਰ ਹੀ ਲੈ ਦਿਉ ਤਾਂ ਜੋ ਉਹ ਘਰ-ਘਰ ਜਾ ਕੇ ਜੁਆਕਾਂ ਨੂੰ ਪੜ੍ਹਾ ਵੀ ਆਇਆ ਕਰਨ, ਨਲੇ ਘਰ ਦਿਆਂ ਦੇ ਦਰਸ਼ਨ ਕਰ ਆਇਆ ਕਰਨ!

ਸੱਚ ਇਹ ਹੈ ਦੋਸਤੋ; ਜੇ ਲੋਕਾਂ ਦੇ ਕੰਮ ਹੀ ਕਰਨੇ ਹੋਣ ਤਾਂ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜਿਆਦਾ ਟਾਇਮ ਵੱਖ-ਵੱਖ ਸਰਕਾਰੀ ਮੁਹਿਮਾਂ ਦਾ ਜਾਇਜ਼ਾ ਲੈਣ ਲਈ, ਨਵੀਆਂ ਮੁਹਿਮਾਂ ਦੀ ਰੂਪਰੇਖਾ ਤਿਆਰ ਕਰਨ ਲਈ ਤੇ ਸਟੇਟ ਪੱਧਰ ਦੀਆਂ ਸਕੀਮਾਂ ਘੜਨ ਲਈ ਲਉਣ। ਅਸੈਂਬਲੀ ਸੈਸ਼ਨਾਂ ਨੂੰ ਪੂਰਾ ਸਮਾਂ ਢੰਗ ਨਾਲ ਚਲਉਣ ਤਾਂ ਕਿ ਜਰੂਰੀ ਮੁੱਦਿਆਂ ਤੇ ਬਹਿਸ ਹੋ ਸਕੇ। ਸਰਕਾਰੀ ਮੁਲਾਜ਼ਿਮ ਤੇ ਅਫ਼ਸਰ ਬਣਦਾ ਸਮਾਂ ਦਫ਼ਤਰਾਂ ਚ ਰਹਿਣ ਤਾਂ ਕਿ ਲੋੜਵੰਦਾਂ ਦੇ ਕੰਮ ਹੋ ਸਕਣ। ਅਸੈਂਬਲੀ ਚ ਜਾ ਕੇ ਇੱਕ ਦੂਜੇ ਨਾਲ ਗਾਲੀ-ਗਲੋਚ ਕਰਦੇ ਨੇ, ਇਕ ਦੂਜੇ ਦੀਆਂ ਪੱਗਾਂ ਪੈਰਾਂ ਚ ਰੋਲਦੇ ਹਨ ਅਤੇ ਫੇਰ ਪਿੰਡਾਂ ਚ ਜਾ ਕੇ ਸੰਗਤ ਦਰਸ਼ਨਾਂ ਦਾ ਨਾਟਕ ਕਰਦੇ ਨੇ। ਜੇ ਕਦੇ ਕਿਸੇ ਆਮ ਪੰਜਾਬੀ ਦੀ ਅਜਿਹੀ ਬੇ-ਇੱਜ਼ਤੀ ਹੋ-ਹਵਾ ਜਾਵੇ ਤਾਂ ਉਹ ਕਈ ਦਿਨ ਘਰੋਂ ਬਾਹਰ ਨਾਂ ਨਿੱਕਲੇ; ਪਰ ਇਹ ਪਤਾ ਨੀਂ ਕਿਹੜੀ ਮਿੱਟੀ ਦੇ ਬਣੇ ਨੇਂ ਜੋ ਤੀਜੇ ਦਿਨੀਂ ਸੰਗਤ ਦੇ ਦਰਸ਼ਨਾਂ ਲਈ ਤੁਰੇ ਰਹਿੰਦੇ ਨੇ? ਕੋਈ ਪੁੱਛੇ ਬਈ ਮਟਕਾ ਚੌਂਕ ਤੇ ਬੈਠੇ ਮੁਲਾਜਮ ਸੰਗਤ ਨਹੀਂ; ਫਿਰ ਉਹਨਾਂ ਦੇ ਦਰਸ਼ਨਾਂ ਨੂੰ ਕਿਉਂ ਨਹੀਂ ਬਹੁੜਦਾ ਮੁੱਖ-ਮੰਤਰੀ? ਕੀ ਹਾੜੀ-ਸਉਣੀ ਆਪਣੀਆਂ ਫ਼ਸਲਾਂ ਸਿਣੇ ਮੰਡੀਆਂ ਚ ਰੁਲਦੇ ਕਿਸਾਨ ਸੰਗਤ ਨਹੀਂ; ਫਿਰ ਉਹਨਾਂ ਦੇ ਦਰਸ਼ਨਾਂ ਨੂੰ ਕਿਉਂ ਨਹੀਂ ਪਹੁੰਚਦਾ ਮੁੱਖ-ਮੰਤਰੀ? ਕੀ ਝੁੱਗੀਆਂ-ਝੌਂਪੜਿਆਂ ਚ ਰਹਿੰਦੇ ਬਸ਼ਿੰਦੇ ਸੰਗਤ ਨਹੀਂ; ਫਿਰ ਉਹਨਾਂ ਦੇ ਦਰਸ਼ਨਾਂ ਨੂੰ ਕਿਉਂ ਨਹੀਂ ਅੱਪੜਦਾ ਮੁੱਖ-ਮੰਤਰੀ? ਬਿਨਾਂ ਮਾਸਟਰ ਤੋਂ ਸਕੂਲ ਦੀਆਂ ਕੰਧਾਂ ਵੱਲ ਝਾਕਦੇ ਬੱਚਿਆਂ ਲਈ, ਸਰਕਾਰੀ ਹਸਪਤਾਲਾਂ ਮੁਹਰੇ ਮੱਖੀਆਂ ਵਾਂਗ ਭਿਣਕਦੇ ਗਰੀਬ ਮਰੀਜਾਂ ਲਈ, ਨਸ਼ੇ ਨਾਲ ਮਾਰੇ ਭੱਨੇ ਨੌਂਜਵਾਨਾਂ ਦੇ ਦਰਸ਼ਨਾਂ ਲਈ ਕਦੇ ਮੁੱਖ-ਮੰਤਰੀ ਕੋਲੇ ਸਮਾਂ ਨਹੀਂ ਹੈ। ਕੀ ਸਮਾਜ ਦਾ ਮਾੜਾ ਤੇ ਵੋਟਾਂ ਨਾਂ ਦੇਣ ਵਾਲਾ ਵਰਗ ਸੰਗਤ ਨਹੀਂ?

ਮੈਂ ਚਹੁੰਦਾ ਤਾਂ ਇਸ ਲੇਖ ਵਿੱਚ ਕੁੱਝ ਆਂਕੜੇ ਵੀ ਸ਼ਾਮਲ ਕਰ ਸਕਦਾ ਸੀ। ਮਸਲਨ ਬਾਦਲ ਨੇਂ ਪੂਰੇ ਪੰਜਾਬ ਤੇ ਖਰਚ ਹੋਣ ਵਾਲਾ ਕੇਂਦਰੀ ਅਤੇ ਸਟੇਟ ਫੰਡ ਕਿੱਦਾਂ ਆਪਣੇ ਪਿੰਡਾਂ ਵਿੱਚ ਵੰਡਿਆ; ਕਿਵੇਂ ਸਿੱਖਿਆ ਤੇ ਸੇਹਤ ਸੁਵਿਧਾਵਾਂ ਤੇ ਖਰਚ ਹੋਣ ਵਾਲਾ ਪੈਸਾ ਸ਼ਗਨ ਸਕੀਮਾਂ, ਆਟੇ-ਦਾਲ ਸਕੀਮਾਂ ਤੇ ਉਡਾਇਆ (ਜੋ ਕਿ ਵਿੱਚੋਂ ਹੀ ਸਰਕਾਰੀ ਕਰਮਚਾਰੀਆਂ ਤੇ ਬਾਦਲ ਦੇ ਬੰਦਿਆਂ ਨੇ ਆਪ ਹੀ ਛਕ ਲਿਆ); ਸਾਲ ਵਿੱਚ ਕਿੰਨਾਂ ਪੈਸਾ ਲੋਕਾਂ ਨੂੰ ਭਿਖਾਰੀ ਬਣਾ ਕੇ ਵੰਡਿਆ ਗਿਆ। ਪਰ ਮੈਂ ਇਹ ਆਂਕੜੇ ਜਾਣ ਬੁੱਝ ਕੇ ਪੇਛ ਨਹੀਂ ਕੀਤੇ। ਕਿਉਂਕੇ ਸੰਗਤ ਦਰਸ਼ਨਾਂ ਨੂੰ ਕੋਈ ਪੈਸੇ ਨਾਲ ਜੁੜਿਆ ਹੋਇਆ ਮੁੱਦਾ ਨਹੀਂ ਸਮਝਦਾ। ਮੈਂ ਇਸ ਨੂੰ ਲੋਕਾਂ ਦੇ ਸਵਾਭਿਮਾਨ ਦਾ ਮੁੱਦਾ ਸਮਝਦਾ ਹਾਂ। ਕੋਈ ਪੰਜਾਬੀ ਦੱਸੇ ਕਿ ਜਿਸ ਕੌਮ ਦੇ ਵੱਡੇ-ਵਡੇਰੇ ਦੌਣਾਂ ਅਕੜਾ ਕੇ ਫਾਂਸੀਆਂ ਤੇ ਚੜਨਾਂ ਜਾਂਣਦੇ ਸੀ, ਉਸ ਕੌਂਮ ਦੇ ਉੱਤਰ-ਅਧਿਕਾਰੀਆਂ ਨੂੰ ਮੋਟਰਾਂ ਦੇ ਕਨੈਕਸ਼ਨਾਂ ਲਈ ਦੌਣਾਂ ਝੁਕਾ ਕੇ ਲੈਣਾਂ ਵਿੱਚ ਲੱਗਣਾ ਸ਼ੋਭਾ ਦਿੰਦਾ ਹੈ? ਸੁਖ਼ਬੀਰ ਤੋਂ ਦੁੱਗਣੀ ਉਮਰ ਦੀਆਂ ਬੀਬੀਆਂ ਉਸ ਦੀ ਸਟੇਜ ਨੂੰ ਮੱਥੇ ਟੇਕਦੀਆਂ ਹਨ, ਉਹਦੇ ਮੁਹਰੇ ਹੱਥ ਜੋੜਦੀਆਂ ਹਨ, ਆਪਣੀ ਗਰੀਬੀ ਅਤੇ ਸ਼ਰਮ ਦੇ ਮਾਰੇ ਦਰਲ-ਦਰਲ ਰੋਂਦੀਆਂ ਹਨ; ਇਹ ਪੰਜਾਬ ਲਈ ਕੋਈ ਸ਼ਾਨ ਦੀ ਗੱਲ ਹੈ? ਜੇ ਲੋਕਾਂ ਨੂੰ ਅਦਾਲਤਾਂ ਵਿੱਚ ਇਨਸਾਫ਼ ਮਿਲਦਾ ਹੋਵੇ, ਉਹਨਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਹੁੰਦੇ ਹੋਣ, ਰੁਜਗਾਰ ਮਿਲਦਾ ਹੋਵੇ, ਸਮੇਂ ਤੇ ਤਨਖਾਹਾਂ ਮਿਲਦੀਆਂ ਹੋਣ ਤਾਂ ਕੋਈ ਸੰਗਤ ਦਰਸ਼ਨਾਂ ਵੰਨੀਂ ਮੂੰਹ ਨਾਂ ਕਰੇ।

ਅਖੌਤੀ ਲੀਡਰੋ? ਜੇ ਤੁਸੀਂ ਪੰਜਾਬ ਦੇ ਹੱਕ ਵਿੱਚ ਭੁਗਤਨਾਂ ਸਿੱਖ ਲਵੋਂ ਤਾਂ ਪੰਜਾਬੀ ਐਨੇ ਅਹਿਸਾਨ ਫਰਾਮੋਸ਼ ਨਹੀਂ ਕਿ ਤੁਹਾਡੀ ਕੀਤੀ ਦਾ ਮੁੱਲ ਨਾਂ ਮੋੜਨ। ਤੁਸੀਂ ਨੇਕੀ ਕਰ ਕੇ ਤਾਂ ਵੇਖੋ, ਲੋਕ ਆਪ ਤੁਹਾਡੇ ਦਰਸ਼ਨਾਂ ਲਈ ਪਹੁੰਚਣਗੇ। ਕੀ ਤੁਸੀਂ ਸੰਤਾਂ-ਸ਼ਹੀਦਾਂ ਦੀਆਂ ਦਰਗਾਹਾਂ-ਸਮਾਧਾਂ ਤੇ ਦਰਸ਼ਨਾਂ ਲਈ ਉਮੜ-ਉਮੜ ਕੇ ਪੈਂਦੀਆਂ ਸੰਗਤਾਂ ਨਹੀਂ ਵੇਖੀਆਂ?